ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਇੱਥੋਂ ਲਾਵਾਰਿਸ ਹਾਲਤ ‘ਚ ਸੜਕ ਕਿਨਾਰੇ ਮਿਲੀ ਬਜ਼ੁਰਗ ਮਾਤਾ ਦਾ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ। ਇਸ ਬਜ਼ੁਰਗ ਮਾਤਾ ਨੂੰ ਉਸ ਦੇ ਪੁੱਤਰਾ ਨੇ ਘਰ ਤੋਂ ਬਾਹਰ ਕੱਢ ਦਿਤਾ ਸੀ ਅਤੇ ਕਿਸੇ ਤੀਜੇ ਵਿਅਕਤੀ ਨੂੰ ਸਾਂਭ ਸੰਭਾਲ ਲਈ ਦੇ ਦਿੱਤਾ ਸੀ। ਪਰ ਕੇਅਰ ਟੇਕਰ ਨੇ ਮਾਤਾ ਨੂੰ ਇਸ ਹਾਲਤ ‘ਚ ਸੜਕ ਤੇ ਛੱਡ ਦਿਤਾ। ਜਿਸ ਤੋ ਬਾਅਦ ਕਈ ਦਿਨ ਇਹ ਮਾਤਾ ਧੁੱਪ, ਮੀਂਹ ‘ਚ ਸੜਕ ‘ਤੇ ਹੀ ਪਏ ਰਹੇ।
ਦਸ ਦਈਏ ਮੁਕਤਸਰ ਸਾਹਿਬ ਦੇ ਬੁੜਾ ਗੁੱਜਰ ਰੋਡ ‘ਤੇ ਪੀਰਖਾਨੇ ਵਾਲੀ ਗਲੀ ਦੇ ਕੋਲ ਬਹੁਤ ਮਾੜੀ ਹਾਲਤ ‘ਚ ਬਜ਼ੁਰਗ ਮਾਤਾ ਮਿਲੇ ਸਨ, ਜਿਨਾਂ ਦੇ ਸਿਰ ‘ਚ ਕੀੜੇ ਤੱਕ ਪੈ ਚੁਕੇ ਸਨ।
ਜਦੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਤਾ ਏਐਸਆਈ ਦਿਲਬਾਗ ਨੇ ਮੋਕੇ ‘ਤੇ ਪਹੁੰਚ ਕੇ ਮਾਤਾ ਨੂੰ ਐਬੂਲੈਂਸ ਰਾਹੀ ਮੁਕਤਸਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਇਸ ਮਹਿਲਾ ਦਾ ਇਲਾਜ ਕੀਤਾ ਗਿਆ। ਪੁਲਿਸ ਵਲੋ ਮਾਤਾ ਦੀ ਪਹਿਚਾਣ ਕੀਤੀ ਗਈ ਅਤੇ ਉਸ ਦੇ ਪਰਿਵਾਰ ਨੂੰ ਲਭਿਆ ਗਿਆ। ਜਦ ਪਰਿਵਾਰ ਨੂੰ ਮਾਤਾ ਦੀ ਹਾਲਤ ਬਾਰੇ ਪਤਾ ਲਗਿਆ ਤਾ ਪਰਿਵਾਰ ਨੇ ਹਸਪਤਾਲ ਪਹੁੰਚ ਮਾਤਾ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰਵਾ ਲਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਵਲੋਂ ਪੜਤਾਲ ਕਰਨ ਤੋ ਬਾਅਦ ਪਤਾ ਲੱਗਿਆ ਕਿ ਇਸ ਮਾਤਾ ਦੇ 2 ਪੁੱਤਰ ਹਨ ਜੋ ਕਿ ਸਰਕਾਰੀ ਵਿਭਾਗ ਤੋਂ ਰਿਟਾਇਰ ਕਰਮਚਾਰੀ ਹਨ। ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾ ਦੇ ਘਰ ਵਿਚ ਪਤਨੀ ਦੀ ਸਿਹਤ ਨਾ ਠੀਕ ਹੋਣ ਕਾਰਨ ਉਸ ਨੇ ਮਾਤਾ ਦੀ ਸਾਂਭ ਸੰਭਾਲ ਲਈ ਕੇਅਰ ਟੇਕਰ ਰੱਖਿਆ ਸੀ ਜਿਸ ਨੇ ਮਾਤਾ ਨੂੰ ਇਸ ਹਾਲਤ ਵਿਚ ਸੜਕ ਤੇ ਸੁੱਟ ਦਿਤਾ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ‘ਚ ਕਿਸੇ ਖਿਲਾਫ ਕੋਈ ਮਾਮਲਾ ਦਰਜ ਨਹੀ ਕੀਤਾ ਗਿਆ ਹੈ।