ਚੰਡੀਗੜ੍ਹ: ਸਿਖ ਵਿਚਾਰ ਮੰਚ ਨੇ ਇਕ ਪ੍ਰੈਸ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਕ ਪਾਸੇ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਸੰਤਾਪ ਹੰਢਾ ਰਹੇ ਪੰਜਾਬ ਦੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਦੂਜੇ ਪਾਸੇ ਮੋਦੀ ਸਰਕਾਰ ਦੀਆਂ ਚੰਭਲਾਈਆ ਆਰ. ਐਸ. ਐਸ. ਤੇ ਅਫਸਰਸ਼ਾਹੀ ਗਿਰਝਾਂ ਦਹਾਕਿਆਂ ਪੁਰਾਣੇ ਬੜੀ ਮਿਹਨਤ ਨਾਲ ਬਣਾਏ ਗਏ ਸਿਖ ਅਦਾਰਿਆਂ ਉਤੇ ਆਨੇ-ਬਹਾਨੇ ਕਬਜੇ ਕਰ ਕੇ ਉਨ੍ਹਾਂ ਨੂੰ ਤਬਾਹ ਕਰਨ ਦੇ ਯਤਨ ਕਰ ਰਹੀਆਂ ਹਨ।
ਇਨ੍ਹਾਂ ਵਿਚੋਂ ਇਕ ਅਦਾਰਾ ਸੰਗਰੂਰ ਵਿਖੇ ਬਣਿਆ ਲੜਕੀਆਂ ਦਾ ਅਕਾਲ ਡਿਗਰੀ ਕਾਲਜ ਹੈ। ਇਹ ਅਦਾਰਾ ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਮਸਤੂਆਣਾ ਜੀ ਦੇ ਗੁਰਮਤਿ ਨਿਸ਼ਾਨੇ ਨੂੰ ਮੁਖ ਰਖ ਕੇ ਕਾਇਮ ਕੀਤਾ ਗਿਆ ਸੀ। ਇਹ ਕਾਲਜ 1970 ਵਿਚ ਤਤਕਾਲੀ ਬਿਜਲੀ ਤੇ ਸਿੰਜਾਈ ਮੰਤਰੀ ਗੁਰਬਖਸ਼ ਸਿੰਘ ਸਿਬੀਆ ਦੇ ਯਤਨਾਂ ਨਾਲ ਸਥਾਪਿਤ ਹੋਇਆ ਸੀ। ਇਸ ਪਛੜੇ ਇਲਾਕੇ ਵਿਚ ਉਦੋਂ ਲੜਕੀਆਂ ਦੀ ਵਿਦਿਆ ਦਾ ਕੋਈ ਵੀ ਪ੍ਰਬੰਧ ਨਹੀਂ ਸੀ। ਪਿਛਲੇ ਪੰਜਾਹ ਸਾਲਾਂ ਵਿਚ ਇਲਾਕੇ ਦੀਆਂ 30 ਹਜ਼ਾਰ ਤੋਂ ਵਧੇਰੇ ਪੇਂਡੂ, ਗਰੀਬ ਤੇ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਇਸ ਕਾਲਜ ਤੋਂ ਤਾਲੀਮ ਹਾਸਲ ਕਰ ਕੇ ਅਤੇ ਆਪਣੇ ਪੈਰਾਂ ਉਤੇ ਖੜੀਆਂ ਹੋ ਕੇ ਸਮਾਜ ਸੇਵਾ ਕਰ ਰਹੀਆਂ ਹਨ। ਪਿੰ. ਸੁਰਜੀਤ ਸਿੰਘ ਗਾਂਧੀ ਅਤੇ ਪ੍ਰਿੰ. ਸਵਰਾਜ ਕੌਰ ਦੀ ਮਿਹਨਤ ਸਦਕਾ ਇਹ ਕਾਲਜ ਪੰਜਾਬ ਦੀ ਇਕ ਨਾਮਵਰ ਸੰਸਥਾ ਬਣ ਗਿਆ। ਜਿਥੇ ਲੜਕੀਆਂ ਨੂੰ ਗੁਰਮਤਿ ਗਿਆਨ ਦੀ ਗੁੜ੍ਹਤੀ ਵੀ ਦਿਤੀ ਜਾਂਦੀ ਹੈ। ਕਾਲਜ ਵਿਚ ਬੀ. ਕਾਮ., ਬੀ. ਸੀ. ਏ., ਬੀ.ਵਾਕ., ਐਮ. ਐਸ. ਸੀ. ਆਈ. ਟੀ., ਪੀ.ਜੀ.ਡੀ.ਸੀ.ਏ. ਦੇ ਕੋਰਸ ਬਹੁਤ ਚੰਗੀ ਤਰ੍ਹਾਂ ਚਲ ਰਹੇ ਹਨ। ਬੀ. ਏ. ਵਿਚ ਵਿਦਿਆਰਥੀਆਂ ਦੇ ਦਾਖਲੇ ਦੇ ਘਟੇ ਆਮ ਰੁਝਾਨ ਨੂੰ ਮੁਖ ਰਖ ਕੇ ਪ੍ਰਬੰਧਕਾਂ ਨੇ ਹੋਰ ਕੋਰਸ ਸ਼ੁਰੂ ਕਰਨ ਲਈ ਲਿਖਤੀ ਚਿਠੀ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ। ਪਰ ਅਫਸਰਸ਼ਾਹੀ ਨੇ ਉਸ ਚਿਠੀ ਵੱਲ ਗੌਰ ਕਰਨ ਦੀ ਬਜਾਇ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਹੀ ਮੁਅਤਲ ਕਰ ਦਿਤਾ ਹੈ ਤਾਂ ਕਿ ਇਸ ਕਾਲਜ ਨੂੰ ਬੰਦ ਕਰ ਕੇ ਇਸ ਦੀ ਕਰੋੜਾਂ-ਅਰਬਾਂ ਰੁਪਏ ਦੀ ਜਮੀਨ ਜਾਇਦਾਦ ਉਤੇ ਕਬਜਾ ਕੀਤਾ ਜਾ ਸਕੇ।
ਸਿਖ ਵਿਚਾਰ ਮੰਚ ਨੇ ਕਿਹਾ ਹੈ ਕਿ ਇਸ ਸਾਰੇ ਘਟਨਾ ਕਰਮ ਦਾ ਦੁਖਦਾਈ ਪਖ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਫਸਰਸ਼ਾਹੀ ਇਸ ਅਦਾਰੇ ਦੇ ਉਜਾੜੇ ਵਿਚ ਪੂਰੀ ਤਰ੍ਹਾਂ ਭਾਈਵਾਲ ਬਣੀ ਹੋਈ ਹੈ। ਕਾਲਜ ਟਰਸਟ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਦੀ ਦਿਤੀ ਜਾਣਕਾਰੀ ਅਨੁਸਾਰ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਮੀਨ ਕੌਰ ਸਿਧੂ ਪਤਨੀ ਮਨਦੀਪ ਸਿੰਘ ਸਿਧੂ ਐਸ. ਐਸ. ਪੀ. ਪਟਿਆਲਾ ਆਪਣੇ ਅਹੁਦੇ ਦੀ ਮਰਿਆਦਾ ਨੂੰ ਤਿਲਾਂਜਲੀ ਦੇ ਕੇ ਕਾਲਜ ਦੀ ਅੰਦਰੂਨੀ ਜਾਣਕਾਰੀ ਗੈਰਸਮਾਜੀ ਤਤਾਂ ਨੂੰ ਦੇ ਰਹੀ ਹੈ, ਜਿਹੜੀ ਖਾਹਮਖਾਹ ਅਦਾਰੇ ਨੂੰ ਬਦਨਾਮ ਕਰਨ ਦਾ ਕਾਰਨ ਬਣ ਰਹੀ ਹੈ। ਇਕ ਪੂਰੀ ਗਿਣੀਮਿਥੀ ਸਾਜਿਸ਼ ਅਧੀਨ ਪੰਜਾਬ ਸਰਕਾਰ ਦੀ ਉਚ ਸਿਖਿਆ ਸਕਤਰ ਨੇ ਪ੍ਰਿੰਸੀਪਲ ਸਿਮਰਤ ਕੌਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਅਰਵਿੰਦ ਗੋਇਲ ਡਿਪਟੀ ਡਾਇਰੈਕਟਰ ਦਫਤਰ, ਵਰੁਣ ਸ਼ਰਮਾ ਐਸ. ਪੀ.ਸਿਟੀ ਪਟਿਆਲਾ ਆਧਾਰਿਤ ਤਿੰਨ ਮੈਂਬਰੀ ਪੜਤਾਲ ਕਮੇਟੀ ਬਣਾਈ ਹੈ, ਜਿਹੜੀ ਬਣਤਰ ਪਖੋਂ ਹੀ ਸ਼ਕੀ ਹੈ। ਚੇਅਰਮੈਨ ਦਾ ਪਖ ਹੈ ਕਿ ਇਹ ਕੋਈ ਫੌਜਦਾਰੀ ਕੇਸ ਨਹੀਂ, ਜਿਸ ਵਿਚ ਐਸ. ਪੀ. ਸਿਟੀ ਨੂੰ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵਿਦਿਆ ਨੂੰ ਵਪਾਰ ਨਹੀਂ ਸਗੋਂ ਸੇਵਾ ਸਮਝ ਕੇ ਕਾਲਜ ਚਲਾ ਰਹੇ ਹਾਂ। ਇਸ ਕਾਲਜ ਦਾ ਹਰ ਕੰਮ ਪਾਰਦਰਸ਼ੀ ਹੈ।
ਸਿਖ ਵਿਚਾਰ ਮੰਚ ਚੰਡੀਗੜ੍ਹ ਨੇ ਪੰਜਾਬ ਦੇ ਵਿਰਸੇ, ਸਿਖ ਧਰਮ, ਇਤਿਹਾਸ ਅਤੇ ਸੰਤ ਅਤਰ ਸਿੰਘ ਜੀ ਦੀ ਵਿਚਾਰਧਾਰਾ ਦੇ ਸਮੂਹ ਮੁਦਈਆਂ ਨੂੰ ਸੱਦਾ ਦਿਤਾ ਹੈ ਉਹ ਅਗੇ ਆ ਕੇ ਇਸ ਅਦਾਰੇ ਨੂੰ ਬਚਾਉਣ ਦੇ ਯਤਨ ਕਰਨ, ਤਾਂ ਜੋ ਆਰ. ਐਸ. ਐਸ. ਦੀਆਂ ਪੰਜਾਬ ਤੇ ਸਿਖ ਮਾਰੂ ਸਾਜਿਸ਼ਾਂ ਨੂੰ ਠਲ ਪਾਈ ਜਾ ਸਕੇ। ਸਿਖ ਵਿਚਾਰ ਮੰਚ ਨੇ ਇਹ ਵੀ ਕਿਹਾ ਹੈ ਕਿ ਉਹ ਛੇਤੀ ਹੀ ਪ੍ਰੋ ਬਾਵਾ ਸਿੰਘ ਦੀ ਅਗਵਾਈ ਵਿਚ ਇਕ ਉਚ ਪਧਰੀ ਕਮੇਟੀ ਬਣਾ ਕੇ ਇਸ ਸਬੰਧੀ ਮੁਖ ਮੰਤਰੀ ਪੰਜਾਬ ਨੂੰ ਮਿਲਣ ਦੇ ਯਤਨ ਕਰੇਗਾ।
ਸਾਂਝਾ ਬਿਆਨ ਜਾਰੀ ਕਰਨ ਵਾਲੇ ਲੇਖਕ/ਸਾਹਿਤਕਾਰ ਅਜੈਪਾਲ ਸਿੰਘ ਬਰਾੜ, ਲੇਖਕ/ਸਾਹਿਤਕਾਰ ਰਾਜਵਿੰਦਰ ਸਿੰਘ ਰਾਹੀ, ਰਾਜਵਿੰਦਰ ਸਿੰਘ ਬੈਂਸ ਸੀਨੀਅਰ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ, ਡਾ. ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਗਲੋਬਲ ਸਿੱਖ ਸੰਸਥਾ, ਜਸਵਿੰਦਰ ਸਿੰਘ ਰਾਜਪੁਰਾ ਯੂਨਾਈਟਿਡ ਅਕਾਲੀ ਦਲ, ਗੁਰਬਚਨ ਸਿੰਘ ਐਡੀਟਰ ਦੇਸ਼ ਪੰਜਾਬ, ਪ੍ਰੋ: ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਸਪਾਲ ਸਿੰਘ ਸੀਨੀਅਰ ਪੱਤਰਕਾਰ, ਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ, ਸੁਖਦੇਵ ਸਿੰਘ ਸਿੱਧੂ ਸੀਨੀਅਰ ਪੱਤਰਕਾਰ, ਖੁਸ਼ਹਾਲ ਸਿੰਘ ਜਨਰਲ ਸੈਕਟਰੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ।