ਮਹਾਂਮਾਰੀ ਦੇ ਮੱਦੇਨਜ਼ਰ ਐਨਐਸਯੂਆਈ ਵੱਲੋਂ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਅਪੀਲ

TeamGlobalPunjab
2 Min Read

ਚੰਡੀਗੜ੍ਹ : ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕੋਵਿਡ ਮਹਾਮਾਰੀ ਕਰਕੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮੰਗ ਪੱਤਰ ਸੌਂਪ ਕੇ ਅਖ਼ੀਰਲੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇੱਕ ਵਾਰ ਦੀ ਵਿਸ਼ੇਸ਼ ਛੋਟ ਦੇਣ ਦੇ ਨਾਲ ਸਾਰੇ ਗ੍ਰੈਜੂਏਸ਼ਨ ਕੋਰਸਾਂ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ `ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਅੱਜ ਸਵੇਰ ਇੱਥੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਅਕਸ਼ੈ ਸ਼ਰਮਾ ਨੇ ਕਿਹਾ ਕਿ ਅਗਲੇ ਪੱਧਰ `ਤੇ ਪਦਉੱਨਤੀ ਅਤੇ ਅੰਕ ਚੱਲ ਰਹੇ ਸੈਮੇਸਟਰ ਵਿਚ ਪਹਿਲਾਂ ਤੋਂ ਕੀਤੇ ਕੰਮ ਜਾਂ ਉਨ੍ਹਾਂ ਦੇ ਪਿਛਲੀ ਕਾਰਗੁਜ਼ਾਰੀ ਦੇ ਔਸਤ ਅੰਕਾਂ ਦੇ ਆਧਾਰ `ਤੇ ਹੋ ਸਕਦਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਛੋਟ ਦੇਣ ਦੀ ਅਪੀਲ ਕੀਤੀ ਤਾਂ ਜੋ ਉਹ ਸਮੇਂ ਸਿਰ ਗੈ੍ਰਜੂਏਟ ਹੋ ਜਾਣ।
ਉਚੇਰੀ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਜਲਦ ਤੋਂ ਜਲਦ ਜ਼ਰੂਰੀ ਕਦਮ ਉਠਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਤਾਲਾਬੰਦੀ ਦੌਰਾਨ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਐਨ.ਐਸ.ਯੂ.ਆਈ. ਪੰਜਾਬ ਦੇ ਜੋਸ਼ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ।

ਅਕਸ਼ੈ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿਚ ਪ੍ਰੀਖਿਆਵਾਂ ਦੀ ਸਥਿਤੀ ਨੂੰ ਲੈ ਕੇ ਨਿਰੰਤਰ ਅਨਿਸਸ਼ਚਤਤਾ ਦੇ ਨਤੀਜੇ ਵਜੋਂ ਵਿਦਿਆਰਥੀਆਂ ਵਿਚ ਚਿੰਤਾ ਅਤੇ ਦਬਾਅ ਦੀ ਦਾ ਮਾਹੌਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਮਾਪਣ ਅਤੇ ਗਰੇਡਾਂ ਦੀ ਵੰਡ ਸਮੇਂ ਮਿਡ-ਸਮੈਸਟਰ ਦੀਆਂ ਪ੍ਰੀਖਿਆਵਾਂ, ਅਸਾਈਨਮੈਂਟਸ, ਅਤੇ ਪ੍ਰਾਜੈਕਟਾਂ ਨੂੰ ਵਿਚਾਰਰਿਆ ਜਾ ਸਕਦਾ ਹੈ।

ਆਈਆਈਟੀ ਕਾਨਪੁਰ, ਗੋਆ ਯੂਨੀਵਰਸਿਟੀ ਅਤੇ ਅਮਿਟੀ ਯੂਨੀਵਰਸਿਟੀ ਅਤੇ ਕਈ ਹੋਰਾਂ ਵੱਲੋਂ ਇਸ ਤਰ੍ਹਾਂ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਅਕਸ਼ੈ ਨੇ ਕਿਹਾ ਕਿ ਇਸ ਨਾਲ ਹੁਣ ਇਹ ਯਕੀਨੀ ਬਣਾਇਆ ਜਾਏਗਾ ਕਿ ਉਨ੍ਹਾਂ ਦੇ ਆਖ਼ਰੀ ਸਾਲ ਦੇ ਕੋਰਸਾਂ ਦੀ ਗਰੇਡਿੰਗ 30 ਜੂਨ ਜਾਂ 15 ਜੁਲਾਈ ਤੱਕ ਮੁਕੰਮਲ ਹੋ ਜਾਵੇ, ਜਿਸ ਨਾਲ ਵਿਦਿਆਰਥੀਆਂ ਆਪਣੀ ਪਸੰਦ ਅਨੁਸਾਰ ਅਗਲੇ ਦਾਖ਼ਲੇ ਲਈ ਤਿਆਰੀ ਕਰਨ ਦਾ ਸਮਾਂ ਮਿਲ ਸਕੇ। ਅਕਸ਼ੈ ਸ਼ਰਮਾ ਨੇ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ ਇਹ ਵਿਸ਼ੇਸ਼ ਕਦਮ ਲੱਖਾਂ ਵਿਦਿਆਰਥੀਆਂ ਦੀ ਚਿੰਤਾ ਅਤੇ ਪਰੇਸ਼ਾਨੀ ਨੂੰ ਦੂਰ ਕਰੇਗਾ।

Share This Article
Leave a Comment