ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ‘ਚ ਹੀ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ ਪਿਛਲੇ ਦਿਨੀਂ ਦਵਾਈਆਂ ਅਤੇ ਕਰਿਆਨਾ ਸਟੋਰਾਂ ਦੇ ਫੋਨ ਨੰਬਰਾਂ ਸਮੇਤ ਸੂਚੀਆਂ ਜਾਰੀ ਕੀਤੀ ਗਈ ਸਨ ਜਿਸ ਕਾਰਣ ਪਟਿਆਲਾ ਵਾਸੀਆਂ ਨੂੰ ਉਨ੍ਹਾਂ ਦੇ ਘਰ ‘ਚ ਹੀ ਜ਼ਰੂਰੀ ਸਾਮਾਨ ਦੀ ਸਪਲਾਈ ਯਕੀਨੀ ਬਣਾਈ ਗਈ। ਸਪਲਾਈ ਲਾਈਨ ਨੂੰ ਹੋਰ ਸੁਚਾਰੂ ਕਰਨ ਲਈ ਵੱਡੇ ਰਾਸ਼ਨ ਸਟੋਰਾਂ ਰਿਲਾਇੰਸ, ਈਜ਼ੀਡੇ ਤੇ ਵਿਸ਼ਾਲ ਮੈਗਾ ਮਾਰਟ ਦੇ ਹੋਰ ਨੰਬਰ ਜਾਰੀ ਕੀਤੇ ਗਏ ਸਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਪਣੀਆਂ ਰੋਜ਼ਮਰ੍ਹਾ ਦੀਆ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਆਸਾਨੀ ਹੋਈ ਹੈ ਉਥੇ ਹੀ ਕੋਰੋਨਾ ਵਾਇਰਸ ਤੋਂ ਬਚਾਅ ‘ਚ ਵੀ ਮਦਦ ਮਿਲੀ ਹੈ।
ਜ਼ਰੂਰੀ ਸਾਮਾਨ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਸ਼ਹਿਰ ਦੀ ਹਰ ਵਾਰਡ ਵਿੱਚ ਰਿਲਾਇੰਸ, ਈਜ਼ੀ ਡੇ ਅਤੇ ਵਿਸ਼ਾਲ ਮੈਗਾ ਮਾਰਟ ਵੱਲੋਂ ਲੋਕਾਂ ਨੂੰ ਘਰੇਲੂ ਸਾਮਾਨ ਉਨ੍ਹਾਂ ਦੇ ਘਰਾਂ ਨੇੜੇ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਰੋਸਟਰ ਤਿਆਰ ਕੀਤਾ ਗਿਆ ਹੈ ਕਿ ਕਿਸ ਇਲਾਕੇ ਵਿੱਚ ਸਮਾਨ ਦੀ ਸਪਲਾਈ ਕੀਤੀ ਜਾਵੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ ਅੱਜ ਈਜ਼ੀ ਡੇ ਵੱਲੋਂ ਘੁੰਮਣ ਨਗਰ, ਰਣਜੀਤ ਨਗਰ ਅਤੇ ਇਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਸਪਲਾਈ ਕੀਤੀ ਗਈ ਅਤੇ ਵਿਸ਼ਾਲ ਮੈਗਾ ਮਾਰਟ ਵੱਲੋਂ ਵਾਰਡ ਨੰ. 22 ਤੇ 23, ਗੁਰਬਖਸ਼ ਕਲੋਨੀ, ਤ੍ਰਿਪੜੀ ਅਤੇ ਇਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਲੋੜੀਂਦਾ ਸਾਮਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ ਨੂੰ ਈਜ਼ੀ ਡੇਅ ਵੱਲੋਂ ਡੀ.ਐਲ.ਐਫ. ਕਲੋਨੀ ਸਮੇਤ ਇਸ ਦੇ ਨਾਲ ਲੱਗਦੇ ਖੇਤਰਾਂ ‘ਚ ਸਾਮਾਨ ਵੰਡਿਆ ਜਾਵੇਗਾ ਅਤੇ ਵਿਸ਼ਾਲ ਮੈਗਾ ਮਾਰਟ ਵੱਲੋਂ ਅਬਲੋਵਾਲ, ਸਿੱਧੂਵਾਲ, ਭਾਦਸੋਂ ਰੋਡ ਦੇ ਖੇਤਰ ਵਿੱਚ ਤੇ ਰਿਲਾਇੰਸ ਵੱਲੋਂ ਪੰਜਾਬੀ ਬਾਗ, ਮਾਡਲ ਟਾਊਨ, ਗਿਆਨ ਕਲੋਨੀ ਅਤੇ ਸੇਵਕ ਕਲੋਨੀ ਵਿੱਚ ਜ਼ਰੂਰੀ ਸਾਮਾਨ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਇੰਨਾ ਵੱਡੇ ਸਟੋਰਾਂ ਤੋਂ ਇਲਾਵਾ ਛੋਟੀਆਂ ਪਰਚੂਨ ਦੀਆਂ ਦੁਕਾਨਾਂ ਵੱਲੋਂ ਵੀ ਆਪਣੇ-ਆਪਣੇ ਖੇਤਰ ਵਿੱਚ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸੰਕਟ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਘਰਾਂ ‘ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ‘ਚ ਸਫਲ ਹੋਇਆ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਘਬਰਾਹਟ ‘ਚ ਆਕੇ ਆਪਣੇ ਘਰਾਂ ‘ਚ ਲੋੜ ਤੋਂ ਜ਼ਿਆਦਾ ਰਾਸ਼ਨ ਇਕੱਠਾ ਨਾ ਕਰਨ ਕਿਉਂਕਿ ਰਾਸ਼ਨ ਦੀ ਸਪਲਾਈ ਹੁਣ ਨਿਰਵਿਘਨ ਉਨ੍ਹਾਂ ਦੇ ਘਰਾਂ ਤੱਕ ਪੁੱਜਦੀ ਰਹੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ‘ਚ ਹੀ ਪੁੱਜਦੀਆਂ ਕੀਤੀਆਂ ਜ਼ਰੂਰੀ ਵਸਤਾਂ
Leave a Comment
Leave a Comment