ਮੁੱਖ ਮੰਤਰੀ ਦੀ ਤਰਫ਼ੋਂ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਭੇਟ

TeamGlobalPunjab
2 Min Read

ਲੁਧਿਆਣਾ : ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ, ਜੋ ਕਿ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦਾ ਅੱਜ ਲੁਧਿਆਣਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਕ-ਸਬੰਧੀਆਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੇ ਪੱਤਰਕਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਵੱਲੋਂ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਭਾਂਬੀ ਦੇ ਅਕਾਲ ਚਲਾਣੇ ‘ਤੇ ਮੁੱਖ ਮੰਤਰੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਸ੍ਰੀ ਭਾਂਬੀ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਐਤਵਾਰ ਸਵੇਰੇ ਲੁਧਿਆਣਾ ਸਥਿਤ ਦੀਪ ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਮ੍ਰਿਤਕ ਦੇਹ ‘ਤੇ ਅਦਾਰਾ ‘ਹਿੰਦੁਸਤਾਨ ਟਾਈਮਜ਼’ ਵੱਲੋਂ ਵੀ ਦੁਸ਼ਾਲਾ ਪਾਇਆ ਗਿਆ, ਜਿੱਥੇ ਕਿ ਸ੍ਰੀ ਭਾਂਬੀ ਨੇ ਬਤੌਰ ਸਟਰਿੰਗਰ ਕੰਮ ਕੀਤਾ ਸੀ।
ਸਮਸ਼ਾਨਘਾਟ ਵਿਖੇ ਅੰਤਿਮ ਰਸਮਾਂ ਸ੍ਰੀ ਭਾਂਬੀ ਦੇ ਪੁੱਤਰ ਜ਼ੁਬਿਨ, ਜੋ ਕਿ ਬੀਤੀ ਸ਼ਾਮ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ, ਨੇ ਅਦਾ ਕੀਤੀਆਂ। ਅੰਤਿਮ ਸਮੇਂ ਇੰਡੀਆ ਨਿਊਜ਼ ਦੇ ਬਿਊਰੋ ਚੀਫ਼ ਵਜੋਂ ਕਾਰਜਸ਼ੀਲ ਰਹੇ ਰਾਜੇਸ਼ ਭਾਂਬੀ, ਜੋ ਕਿ ਇੱਕ ਨਿੱਘੇ ਸੁਭਾਅ ਅਤੇ ਘਾਗ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ, ਦੀਆਂ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਰਾਜਸੀ ਆਗੂ ਵੀ ਹਾਜ਼ਰ ਸਨ। ਭਾਂਬੀ ਆਪਣੇ ਪਿੱਛੇ ਪਤਨੀ, ਦੋ ਪੁੱਤਰੀਆਂ ਅਤੇ ਪੁੱਤਰ ਜ਼ੁਬਿਨ ਨੂੰ ਛੱਡ ਗਏ ਹਨ।
ਸ੍ਰੀ ਠੁਕਰਾਲ ਨੇ ਭਾਂਬੀ ਦੇ ਵਿਛੋੜੇ ਨੂੰ ਅਸਹਿ ਅਤੇ ਅਕਹਿ ਦੱਸਦਿਆਂ ਕਿਹਾ ਕਿ ਅਚਾਨਕ ਪਏ ਇਸ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਰਾਜੇਸ਼ ਭਾਂਬੀ ਨੇ ਪੰਜਾਬ ਵਿੱਚ ਆਪਣਾ ਪੱਤਰਕਾਰੀ ਸਫ਼ਰ ‘ਰਾਇਟਰਜ਼’ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ‘ਇੰਡੀਆ ਟੂਡੇ’ ਨਾਲ ਫੋਟੋ ਪੱਤਰਕਾਰ ਵਜੋਂ ਵੀ ਕੰਮ ਕੀਤਾ। ਇਸ ਉਪਰੰਤ ‘ਦਿ ਟ੍ਰਿਬਿਊਨ’ ਲਈ ਲੁਧਿਆਣਾ ਤੋਂ ਅਤੇ ‘ਹਿੰਦੁਸਤਾਨ ਟਾਈਮਜ਼’ ਲਈ ਪੂਰੇ ਪੰਜਾਬ ਤੋਂ ਫੋਟੋ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ‘ਇੰਡੀਆ ਨਿਊਜ਼’ ਲਈ ਬਿਊਰੋ ਚੀਫ਼ ਅਤੇ ‘ਪੰਜਾਬ ਕੇਸਰੀ’ ਲਈ ਪੱਤਰਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ।

Share This Article
Leave a Comment