ਚੰਡੀਗੜ੍ਹ : ਦਿੱਲੀ ਵਿੱਚ ਬੀਤੇ ਦਿਨੀ ਮੁਸਲਿਮ ਭਾਈਚਾਰੇ ਵਿਰੁੱਧ ਭੜਕਾਈ ਗਈ ਵਿਆਪਕ ਫਿਰਕੂ ਹਿੰਸਾ ਦੇ ਮੁਕੰਮਲ ਖਾਤਮੇ ਲਈ ਨਾਗਰਿਕਤਾ ਹੱਕਾਂ ‘ਤੇ ਹਮਲੇ ਵਿਰੁੱਧ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ 12 ਜ਼ਿਲ੍ਹਾ
ਕੇਂਦਰਾਂ ਅਤੇ 2 ਤਹਿਸੀਲ ਕੇਂਦਰਾਂ ਵਿੱਚ ਅਮਨ ਮਾਰਚ ਅਤੇ ਬਰਨਾਲਾ ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਸੌਂਪੇ ਗਏ। ਜਥੇਬੰਦਕ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਲੁਧਿਆਣਾ ਅਤੇ ਕੰਵਲਪ੍ਰੀਤ ਸਿੰਘ ਪੰਨੂੰ ਵੱਲੋਂ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ
ਦਿੰਦਿਆਂ ਦੱਸਿਆ ਗਿਆ ਹੈ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਮੋਗਾ, ਫਰੀਦਕੋਟ, ਮੁਕਤਸਰ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਵਿਖੇ ਜ਼ਿਲ੍ਹਾ ਕੇਂਦਰਾਂ ਅਤੇ ਜ਼ੀਰਾ (ਫਿਰੋਜ਼ਪੁਰ),ਜਲਾਲਾਬਾਦ (ਫਾਜ਼ਿਲਕਾ) ਤਹਿਸੀਲ ਕੇਂਦਰਾਂ ਵਿੱਚ ਕੁੱਲ ਮਿਲਾਕੇ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਲੋਕ ਅਤੇ ਬਰਨਾਲਾ ਦੇ ਰੇਲ-ਜਾਮ ਵਿੱਚ ਵੀ ਦੋ ਹਜ਼ਾਰ ਤੋਂ ਵੱਧ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ, ਵਿਦਿਆਰਥੀ ਸ਼ਾਮਲ ਹੋਏ। ਇਹ ਤੁਰਤਪੈਰਾ ਸੰਘਰਸ਼ ਖਾਸ ਕਰਕੇ ਸ਼ਾਹੀਨ ਬਾਗ਼ ਦਿੱਲੀ ਦੇ ਸ਼ਾਂਤਮਈ ਔਰਤ ਧਰਨੇ ਨੂੰ ਤਾਜ਼ਾ ਫਿਰਕੂ ਹਿੰਸਕ ਹਮਲੇ ਰਾਹੀਂ ਖਦੇੜਨ ਦੀ ਫਿਰਕਾਪ੍ਰਸਤ ਵਿਉਂਤ ਨੂੰ ਨਾਕਾਮ ਕਰਨ ਵੱਲ ਸੇਧਤ ਹੈ।
ਰਿਲੀਜ਼ ਮੁਤਾਬਕ ਵੱਖ-ਵੱਖ ਥਾਂਈਂ ਇਕੱਠਾ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਇਹਨਾਂ ਆਗੂਆਂ ਤੋਂ ਇਲਾਵਾ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਜਸਵਿੰਦਰ ਸਿੰਘ ਲੌਗੋਵਾਲ, ਲਖਵਿੰਦਰ ਸਿੰਘ ਲੁਧਿਆਣਾ, ਅਸ਼ਵਨੀ ਘੁੱਦਾ, ਹੁਸ਼ਿਆਰ ਸਿੰਘ ਸਲੇਮਗੜ੍ਹ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਹਰਿੰਦਰ ਕੌਰ ਬਿੰਦੂ, ਬਲਜੀਤ ਕੌਰ ਭੱਠਲ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਾਮਵਰ ਭਾਜਪਾ ਤੇ ਆਰ.ਐਸ.ਐਸ. ਆਗੂਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਫਿਰਕੂ ਨਫ਼ਰਤ ਤੇ ਹਿੰਸਾ ਭੜਕਾ ਕੇ ਦਰਜਨਾਂ ਮੌਤਾਂ ਅਤੇ ਸੈਂਕੜੇ ਗੰਭੀਰ ਜ਼ਖਮੀ ਕਰਨ ਤੋਂ ਇਲਾਵਾ ਵਿਆਪਕ ਸਾੜਫੂਕ ਤੇ ਭੰਨਤੋੜ ਰਾਹੀਂ ਮੁਸਲਿਮ ਘਰ ਘਾਟ ਤੇ ਦੁਕਾਨਾਂ ਸਮੇਤ ਹਜ਼ਾਰਾਂ ਲੋਕ ਉਜਾੜੇ ਗਏ ਹਨ। ਇਸਦੇ ਬਾਵਜੂਦ ਸ਼ਾਹੀਨ ਬਾਗ਼ ਧਰਨੇ ਸਮੇਤ ਲਗਭਗ ਸਮੁੱਚੇ ਮੁਸਲਿਮ ਭਾਈਚਾਰੇ ਨੇ ਜ਼ਬਤ ਵਿੱਚ ਰਹਿ ਕੇ ਜਵਾਬੀ ਹਿੰਸਾ ਤੋਂ ਪ੍ਰਹੇਜ਼ ਕੀਤਾ, ਜਿਹੜਾ ਹੱਕੀ ਸੰਘਰਸ਼ ਦਾ ਬਿਲਕੁਲ ਸਹੀ ਪੈਂਤੜਾ ਹੈ। ਪ੍ਰੰਤੂ ਇੱਕਾ ਦੁੱਕਾ ਥਾਂਵਾਂ ‘ਤੇ ਭੜਕਾਹਟ ਵਿੱਚ ਆਏ ਕੁੱਝ ਬੇਸਮਝ ਮੁਸਲਮਾਨਾਂ ਵੱਲੋਂ ਆਮ ਹਿੰਦੂਆਂ ਵਿਰੁੱਧ ਕੀਤੀ ਗਈ ਜਵਾਬੀ ਹਿੰਸਾ ਨਿੰਦਣਯੋਗ ਹੈ, ਕਿਉਂਕਿ ਇਹ ਪੈਂਤੜਾ ਫਿਰਕੂ ਵੰਡੀਆਂ ਦੀ ਭਾਜਪਾਈ ਰਾਜਨੀਤੀ ਨੂੰ ਹੋਰ ਬਲ ਬਖਸ਼ਦਾ ਹੈ। ਹਰ ਔਖੀ ਤੋਂ ਔਖੀ ਘੜੀ ਮੌਕੇ ਵੀ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਨਾਲ ਹੀ ਫਿਰਕੂ ਹਿੰਸਕ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਬੁਲਾਰਿਆਂ ਨੇ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੇ ਫਿਰਕੂ-ਹਿੰਸਾ ਪੱਖੀ ਜੱਗ-ਜ਼ਾਹਰ ਰੋਲ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਪੈਂਤੜੇ ਨੂੰ ਦਿੱਲੀ ਅੰਦਰ ਮੁੜ 1984 ਵਾਲੇ ਅਤੇ ਪੂਰੇ ਦੇਸ਼ ਵਿੱਚ 1947 ਵਾਲੇ ਭਿਆਨਕ ਹਾਲਾਤ ਬਣਾਉਣ ਵੱਲ ਸੇਧਤ ‘ਪਾੜੋ ਤੇ ਰਾਜ ਕਰੋ’ ਦੀ ਸਾਮਰਾਜੀ ਫਿਰਕੂ ਰਾਜਨੀਤੀ ਗਰਦਾਨਿਆਂ।
ਪ੍ਰਧਾਨ ਮੰਤਰੀ ਨੂੰ ਸੰਬੋਧਤ ਮੰਗ ਪੱਤਰਾਂ ਦੀ ਵਿਆਖਿਆ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਸ਼ਾਹੀਨ ਬਾਗ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਔਰਤਾਂ ਦੇ ਧਰਨੇ ਉੱਤੇ ਸੰਭਾਵਤ ਫਿਰਕੂ-ਦਹਿਸ਼ਤਗਰਦ ਹਮਲੇ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਸ਼ਰੇਆਮ ਹਿੰਸਾ ਭੜਕਾਉਣ ਦੇ ਦੋਸ਼ੀ ਅਦਾਲਤ ਰਾਹੀਂ ਨਾਮਜ਼ਦ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਅਭੈ ਵਰਮਾ ਤੇ ਪਰਵੇਸ਼ ਵਰਮਾ ਸਮੇਤ ਤਮਾਮ ਹਮਾਲਵਰ ਗੁੰਡਿਆਂ ਵਿਰੁੱਧ ਬਣਦੇ ਸੰਗੀਨ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤੇ ਜਾਣ। ਹਿੰਸਕ ਅਨਸਰਾਂ ਨੂੰ ਸ਼ਹਿ ਦੇਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਬਰਤਰਫ਼ ਕੀਤੇ ਜਾਣ। ਦੇਸ਼ ਦੇ ਕੋਨੇ-ਕੋਨੇ ਵਿੱਚ ਹੋਏ ਤੇ ਹੋ ਰਹੇ ਵਿਆਪਕ ਜਨ-ਵਿਰੋਧ ਦੇ ਮੱਦੇਨਜ਼ਰ ਦੇਸ਼ ਨੂੰ ਫਿਰਕੂ ਕਤਲੋਗਾਰਦ ਦੀ ਅੱਗ ਵਿੱਚ ਝੋਕਣ ਦੇ ਮੂਲ ਕਾਰਨ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਰੱਦ ਕੀਤੇ ਜਾਣ। ਫਿਰਕੂ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਵੀ ਮਾਰੇ ਗਏ ਪੁਲਿਸ ਮੁਲਾਜ਼ਮ ਦੇ ਵਾਰਸਾਂ ਬਰਾਬਰ 1-1 ਕ੍ਰੋੜ ਰੁਪਏ ਦਿੱਤਾ ਜਾਵੇ। ਸਖ਼ਤ ਜ਼ਖਮੀਆਂ ਦਾ ਮੁਫ਼ਤ ਇਲਾਜ ਅਤੇ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਲਾਸ਼ਾਂ ਦਾ ਪੌਸਟਮਾਰਟਮ ਤੁਰੰਤ ਕਰਵਾ ਕੇ ਵਿਲਕ ਰਹੇ ਵਾਰਸਾਂ ਹਵਾਲੇ ਕੀਤੀਆਂ ਜਾਣ। ਲਾ-ਪਤਾ ਵਿਅਕਤੀਆਂ ਬਾਰੇ ਸਹੀ ਜਾਣਕਾਰੀ ਪੁਲਿਸ ਦੁਆਰਾ ਪਰਵਾਰਾਂ ਨੂੰ ਦਿੱਤੀ ਜਾਵੇ। ਉਜਾੜੇ ਦਾ ਸ਼ਿਕਾਰ ਹੋ ਕੇ ਸ਼ਰਨਾਰਥੀ ਬਣੇ 5000 ਦੇ ਕਰੀਬ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਤੁਰੰਤ ਕਰਨ ਤੋਂ ਇਲਾਵਾ ਮਕਾਨਾਂ/ਦੁਕਾਨਾਂ ਸਮੇਤ ਸਾਰੇ ਨੁਕਸਾਨੇ ਸਾਮਾਨ ਦਾ ਪੂਰਾ-ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਫਿਰਕੂ ਹਮਲਿਆਂ ਦਾ ਨਿਸ਼ਾਨਾ ਬਣਾਏ ਮੁਸਲਿਮ ਪਰਿਵਾਰਾਂ ਦੇ ਜਾਨ-ਮਾਲ ਦੀ ਰਾਖੀ ਦੀ ਜਾਮਨੀ ਕੀਤੀ ਜਾਵੇ।
ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਦਿੱਲੀ ਜਾਂ ਦੇਸ਼ ਦੇ ਕਿਸੇ ਹਿੱਸੇ ਅੰਦਰ ਮੁੜ ਫਿਰਕੂ ਹਿੰਸਾ ਜਾਂ ਦਹਿਸ਼ਤਗਰਦੀ ਫੈਲਾਉਣ ਦਾ ਯਤਨ ਕੀਤਾ ਤਾਂ ਪੰਜਾਬ ਦੀਆਂ ਸਮੁੱਚੀਆਂ ਜਨਤਕ ਜਥੇਬੰਦੀਆਂ ਦੇ ਝੰਡੇ ਹੇਠ ਪੰਜਾਬ ਵਾਸੀ ਸਾਰੇ ਧਰਮਾਂ ਦੇ ਲੋਕ ਅਤੇ ਇਨਕਲਾਬੀ ਜਮਹੂਰੀ ਲੋਕ ਇੱਕਜੁਟ ਹੋ ਕੇ ਇਸ ਦਾ ਮੂੰਹ ਤੋੜ ਜਵਾਬ ਦੇਣਗੇ।