‘ਆਪ’ ਨੇ ਦਿੱਤਾ ਕਾਂਗਰਸ ਤੇ ਬਾਦਲਾਂ ਨੂੰ ਝਟਕਾ, ਕਈ ਵੱਡੇ ਲੀਡਰ ਪਾਰਟੀ ‘ਚ ਸ਼ਾਮਲ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬੁੱਧਵਾਰ ਨੂੰ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਅਤੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਤਕੜਾ ਝਟਕਾ ਦਿੰਦੇ ਹੋਏ 5 ਵੱਡੇ ਆਗੂਆਂ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰ ਲਿਆ ਹੈ।
ਚੰਡੀਗੜ੍ਹ ‘ਚ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸੂਬਾ ਸੰਗਠਨ ਇੰਚਾਰਜ ਗੈਰੀ ਬੜਿੰਗ, ਸਿਆਸੀ ਰਿਵਿਊ ਕਮੇਟੀ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਬਲਾਚੌਰ ਤੋਂ 2 ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਰਾਮ ਕ੍ਰਿਸ਼ਨ ਕਟਾਰੀਆ, ਨਵਾਂ ਸ਼ਹਿਰ ਦੀ ਜ਼ਿਲ੍ਹਾ ਪਰਿਸ਼ਦ ਦੀ ਸਾਬਕਾ ਚੇਅਰਮੈਨ ਸੰਤੋਸ਼ ਕੁਮਾਰੀ, ਜੋ ਕਟਾਰੀਆ ਪਰਿਵਾਰ ਦੀ ਨੂੰਹ ਅਤੇ 2007 ‘ਚ ਕਾਂਗਰਸ ਵੱਲੋਂ ਪਾਰਟੀ ਦੀ ਬਲਾਚੌਰ ਤੋਂ ਉਮੀਦਵਾਰ ਵੀ ਸੀ, ਨੂੰ ਪਾਰਟੀ ‘ਚ ਰਸਮੀ ਤੌਰ ‘ਤੇ ਸ਼ਾਮਲ ਕੀਤਾ।
ਇਸੇ ਤਰਾਂ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ ਕਸ਼ਮੀਰ ਯੂਥ ਕਾਂਗਰਸ ਦੇ ਇੰਚਾਰਜ ਸਮੇਤ ਕਾਂਗਰਸ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਨ ਵਾਲੇ ਜਗਦੀਪ ਕੰਬੋਜ ਗੋਲਡੀ ਵੀ ‘ਆਪ’ ‘ਚ ਸ਼ਾਮਲ ਹੋ ਗਏ ਹਨ। ਗੋਲਡੀ ਕੰਬੋਜ ਨੇ 2019 ‘ਚ ਜਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਜ਼ਿਮਨੀ ਚੋਣ ਵੀ ਲੜੀ ਸੀ।
ਇਨ੍ਹਾਂ ਦੇ ਨਾਲ ਹੀ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਅਤੇ ਯੂਥ ਅਕਾਲੀ ਦਲ ਮਾਨਸਾ ਦੇ 2002 ਤੋਂ 2016 ਤੱਕ ਜ਼ਿਲ੍ਹਾ ਪ੍ਰਧਾਨ ਰਹੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਬਣਾਵਾਲੀ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਗੁਰਪ੍ਰੀਤ ਸਿੰਘ ਬਣਾਵਾਲੀ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸਾਬਕਾ ਨਿਰਦੇਸ਼ਕ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ।
ਇਸੇ ਤਰਾਂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਫਤਹਿਗੜ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਰਾਏ ਨੇ ਵੀ ‘ਝਾੜੂ’ ਚੁੱਕ ਲਿਆ ਹੈ।
ਇਸ ਮੌਕੇ ਭਗਵੰਤ ਮਾਨ ਅਤੇ ‘ਆਪ’ ਲੀਡਰਸ਼ਿਪ ਨੇ ਇਨ੍ਹਾਂ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਕਿਹਾ ਕਿ ਵਾਰੀ ਬੰਨ੍ਹ ਕੇ ਪੰਜਾਬ ਨੂੰ ਲਗਾਤਾਰ ਲੁੱਟਦੇ ਆ ਰਹੇ ਕੈਪਟਨ-ਬਾਦਲਾਂ ਕੋਲੋਂ ਪੰਜਾਬ ਅਤੇ ਪੰਜਾਬੀਆਂ ਨੂੰ ਨਿਜਾਤ ਦਿਵਾਉਣ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਪ੍ਰਤੀ ਸੁਹਿਰਦ ਅਤੇ ਹਰ ਇਮਾਨਦਾਰ ਬੰਦੇ ਦੀ ਜ਼ਰੂਰਤ ਹੈ। ਇਸ ਮੌਕੇ ਸ਼ਾਮਲ ਹੋਏ ਆਗੂਆਂ ਨੇ ਕਾਂਗਰਸ ਅਤੇ ਬਾਦਲਾਂ ‘ਤੇ ਰੱਜ ਕੇ ਭੜਾਸ ਕੱਢੀ। ਇਸ ਮੌਕੇ ਪਾਰਟੀ ਦੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਬੁਲਾਰੇ ਨਵਦੀਪ ਸਿੰਘ ਸੰਘਾ, ਸੰਦੀਪ ਸਿੰਗਲਾ, ਗੋਬਿੰਦਰ ਮਿੱਤਲ, ਸਤਬੀਰ ਵਾਲੀਆ, ਰੁਪਿੰਦਰ ਸਿੰਘ ਮੁੰਡੀ, ਸਿਮਰਨ ਸਹਿਜਪਾਲ, ਮਨਜੀਤ ਸਿੰਘ ਘੁੰਮਣ, ਸੰਜੀਵ ਕੋਝੜ, ਨੀਲ ਗਰਗ ਅਤੇ ਹੋਰ ਆਗੂ ਮੌਜੂਦ ਸਨ।

Share This Article
Leave a Comment