-ਅਵਤਾਰ ਸਿੰਘ
ਪੰਜਾਬੀ ਦੀ ਇਕ ਕਹਾਵਤ ਹੈ ‘ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ’ ਜਿਸ ਦੇ ਅਰਥ ਨਿਕਲਦੇ ਹਨ ਕਿ ਜੇ ਕੋਈ ਕੁਝ ਚੰਗਾ ਕੰਮ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਬੇਹਤਰ ਕਾਰਜ ਲਈ ਸਮਾਜ ਵਿੱਚ ਬਹੁਤ ਸਾਰੇ ਲੋਕ ਹੱਥ ਵਟਾਉਣ ਲਈ ਬੈਠੇ ਹੁੰਦੇ ਹਨ। ਬਸ ਲੋੜ ਹੁੰਦੀ ਹੈ ਮੋਹਰੀ ਬਣਨ ਦੀ। ਇਹੋ ਜਿਹੀ ਇਕ ਮਿਸਾਲ ਕਾਇਮ ਕੀਤੀ ਹੈ ਸਰਹੱਦੀ ਕਸਬੇ ਫਿਰੋਜ਼ਪੁਰ ਦੀ ਬੰਜਰ ਧਰਤੀ ‘ਤੇ ਹਾਈਟੈੱਕ ਕ੍ਰਿਕਟ ਸਟੇਡੀਅਮ ਬਣਾ ਕੇ। ਇਸ ਦੇ ਚੌਗਿਰਦੇ ਵਿੱਚ ਹਰਿਆਲੀ ਦੀ ਰੌਣਕ ਲੱਗ ਗਈ ਹੈ। ਸਰਕਾਰੀ ਪੋਲੀਟੈਕਨਿਕ ਕਾਲਜ ਦੇ ਬਾਹਰਵਾਰ ਵਾਲੀ ਧਰਤੀ ਦੇ ਭਾਗ ਖੁੱਲ੍ਹ ਗਏ ਲਗਦੇ ਹਨ।
ਰਿਪੋਰਟਾਂ ਮੁਤਾਬਿਕ ਕ੍ਰਿਕਟ ਸਟੇਡੀਅਮ ਨੂੰ ਉਸਾਰਨ ਦਾ ਸੇਹਰਾ ਕ੍ਰਿਕਟ ਪ੍ਰੇਮੀਆਂ ਦਾ ਉਤਸ਼ਾਹ, ਸਮਾਜ ਸੇਵਕ ਰਿਸ਼ੀ ਸ਼ਰਮਾ ਦੀ ਯੋਗ ਅਗਵਾਈ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਜੁਟਾਏ ਗਏ ਫ਼ੰਡ, ਨੂੰ ਜਾਂਦਾ ਹੈ। ਇਹਨਾਂ ਦੀ ਹਿੰਮਤ ਸਦਕਾ ਨਾ ਕੇਵਲ ਗਰਾਉਂਡ ਠੀਕ ਕਰਵਾਈ ਗਈ ਅਤੇ ਖੂਬਸੂਰਤ ਲੈਂਡਸਕੈਪ ਤਿਆਰ ਕੀਤੀ ਗਈ ਹੈ ਸਗੋਂ ਇਸ ਨਾਲ ਲੱਗਦੇ ਹੋਸਟਲ ਦਾ ਵੀ ਨਵੀਨੀਕਰਨ ਕਰਵਾਇਆ ਗਿਆ ਜਿਥੇ ਬਾਹਰੋਂ ਆਉਣ ਵਾਲੇ ਖਿਡਾਰੀ ਠਹਿਰਦੇ ਹਨ।
ਸਮਾਜ ਸੇਵੀ ਰਿਸ਼ੀ ਦਾ ਕਹਿਣਾ ਹੈ ਕਿ ਹੋਸਟਲ ਦੀ ਇਮਾਰਤ ਦੀ ਹਾਲਤ ਬਹੁਤ ਤਰਸਯੋਗ ਸੀ, ਵਰ੍ਹੇ ਪਹਿਲਾਂ ਹੋਈ ਉਸਾਰੀ ਤੋਂ ਬਾਅਦ ਕਿਸੇ ਨੇ ਇਸ ਵੱਲ ਆ ਕੇ ਤੱਕਿਆ ਤਕ ਨਹੀਂ ਸੀ। ਇਸ ਦੇ ਦਰਵਾਜ਼ੇ ਲੋਕ ਲਾਹ ਕੇ ਲੈ ਗਏ ਸਨ, ਬਿਜਲੀ ਅਤੇ ਸੈਨੇਟਰੀ ਦਾ ਸਾਮਾਨ ਗਾਇਬ ਸੀ, ਕੰਧਾਂ ਦਾ ਪਲੱਸਤਰ ਉਖੜ ਰਿਹਾ ਸੀ।
ਨਸ਼ੇੜੀਆਂ ਅਤੇ ਗ਼ੈਰਸਮਜੀ ਤੱਤਾਂ ਦਾ ਅੱਡਾ ਬਣ ਚੁੱਕੀ ਇਸ ਇਮਾਰਤ ਵਿੱਚ ਅੱਜ ਕੱਲ੍ਹ ਡਰੈਸਿੰਗ ਰੂਮ, ਡਾਈਨਿੰਗ ਮੈੱਸ ਵਰਗੀਆਂ ਹੋਰ ਸਹੂਲਤਾਂ ਮੌਜੂਦ ਹਨ। ਸਟੇਡੀਅਮ ਵਿੱਚ ਪੰਜਾਬ ਦੇ ਮਹਾਨ ਕ੍ਰਿਕਟਰ ਯੁਵਰਾਜ ਸਿੰਘ ਦਾ ਬੁੱਤ ਲੱਗਣ ਨਾਲ ਇਸ ਨੂੰ ਚਾਰ ਚੰਨ ਲੱਗ ਗਏ ਹਨ। ਐੱਮ ਐਲ ਏ ਅਤੇ ਕ੍ਰਿਕਟ ਦੇ ਵਿਸ਼ੇਸ਼ ਮਾਹਿਰ ਬੀ ਕੇ ਮਹਿਤਾ ਦੀ ਯੋਗ ਅਗਵਾਈ ਸਦਕਾ ਸਰਕਾਰ ‘ਤੇ ਜਿਆਦਾ ਵਿੱਤੀ ਬੋਝ ਪਾਉਣ ਤੋਂ ਬਿਨਾਂ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਉਸਰ ਗਿਆ ਹੈ।
ਹਾਸਿਲ ਜਾਣਕਾਰੀ ਮੁਤਾਬਿਕ ਇਸ ਦੀ ਮੁਰੰਮਤ ਦੇ ਸਾਰੇ ਕੰਮ ਉਪਰ 25 ਲੱਖ ਦੇ ਕਰੀਬ ਰਾਸ਼ੀ ਖਰਚ ਆਈ ਹੈ। ਖਿਡਾਰੀਆਂ ਦੇ ਰਾਤ ਨੂੰ ਅਭਿਆਸ ਕਰਨ ਵਾਸਤੇ ਹਾਈ ਵੋਲਟੇਜ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਭਿਆਸ ਕਰਨ ਲਈ ਬੋਲਿੰਗ ਮਸ਼ੀਨ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ ਹੈ। ਸਟੇਡੀਅਮ ਦੀਆਂ ਕੰਧਾਂ ਦੇ ਅੰਦਰਲੇ ਪਾਸੇ ਭਾਰਤੀ ਕ੍ਰਿਕਟ ਟੀਮਾਂ ਦੀਆਂ ਉਘੀਆਂ ਹਸਤੀਆਂ ਦੇ ਚਿੱਤਰ ਬਣਾਏ ਗਏ ਹਨ।
ਇਸ ਸੰਬੰਧੀ ਐੱਮ ਐੱਲ ਏ ਪਿੰਕੀ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਇਸ ਸਾਰੀ ਉਸਾਰੀ ਦਾ ਕਾਰਜ ਜਿਹੜਾ 75 ਲੱਖ ਵਿੱਚ ਹੋਣਾ ਸੀ ਉਹ ਕੇਵਲ 25 ਲੱਖ ਵਿਚ ਸਿਰੇ ਚੜ੍ਹ ਗਿਆ ਹੈ। ਇਸ ਲਈ ਉਹ ਸਥਾਨਕ ਲੋਕਾਂ ਦੇ ਧੰਨਵਾਦੀ ਹਨ।