ਮੈਕਸੀਕੋ ਦੇ ਟੋਰੇਨ ਸ਼ਹਿਰ ‘ਚ ਸਥਿਤ ਸਕੂਲ ਵਿੱਚ 11 ਸਾਲ ਦੇ ਵਿਦਿਆਰਥੀ ਨੇ ਆਪਣੇ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸਥਾਨਕ ਅਧਿਕਾਰੀਆਂ ਮੁਤਾਬਕ ਵਿਦਿਆਰਥੀ ਦੋ ਬੰਦੂਕਾਂ ਲੈ ਕੇ ਸਕੂਲ ਵਿੱਚ ਦਾਖ਼ਲ ਹੋਇਆ ਸੀ। ਮਹਿਲਾ ਅਧਿਆਪਕ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਤੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਪੰਜ ਵਿਦਿਆਰਥੀ ਅਤੇ ਇੱਕ ਹੋਰ ਅਧਿਆਪਕ ਵੀ ਜ਼ਖ਼ਮੀ ਹੋ ਗਿਆ।
ਸ਼ਹਿਰ ਦੇ ਮੇਅਰ ਜੋਰਗ ਨੇ ਕਿਹਾ ਕਿ ਦੋਸ਼ੀ ਵਿਦਿਆਰਥੀ ਆਪਣੀ ਦਾਦੀ ਨਾਲ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਹਾਲੇ ਚੱਲ ਰਹੀ ਹੈ ਤੇ ਗੋਲੀਬਾਰੀ ਦੀ ਵਜ੍ਹਾ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ।
ਮੇਅਰ ਨੇ ਕਿਹਾ ਕਿ ਵਿਦਿਆਰਥੀ ਦੇ ਮਾਤਾ ਪਿਤਾ ਨੂੰ ਲੱਭਿਆ ਜਾ ਰਿਹਾ ਹੈ। ਇਹ ਕਾਫੀ ਦੁਖਦ ਘਟਨਾ ਹੈ ਫਿਲਹਾਲ ਅਸੀਂ ਹਾਲੇ ਕੁਝ ਅੰਦਾਜ਼ਾ ਲਗਾਉਣਾ ਨਹੀਂ ਚਾਹੁੰਦੇ ਕੁਝ ਵਿਦਿਆਰਥੀ ਅਤੇ ਇੱਕ ਅਧਿਆਪਕ ਜ਼ਖ਼ਮੀ ਹੈ ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪਿਛਲੇ ਦੋ ਸਾਲਾਂ ਵਿੱਚ ਮੈਕਸੀਕੋ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਸ ਤੌਰ ਤੇ ਸਕੂਲ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਉੱਤਰੀ ਮੈਕਸੀਕੋ ਵਿੱਚ 2017 ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ ਉਸ ਵੇਲੇ ਇਕ ਵਿਦਿਆਰਥੀ ਨੇ ਚਾਰ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ ।