ਬ੍ਰਿਟਿਸ਼-ਇੰਡੀਅਨ ਸਿੰਗਰ ਅਤੇ ਰੈਪਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਹਾਰਡ ਕੌਰ ਨੇ ਇਸ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਅਪਸ਼ਬਦ ਕਹੇ ਹਨ। ਇੰਨਾ ਹੀ ਨਹੀਂ ਹਾਰਡ ਕੌਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਰਪੋਕ ਵੀ ਕਿਹਾ ਹੈ। ਖ਼ਬਰਾਂ ਅਨੁਸਾਰ ਰੈਪਰ ਹਾਰਡ ਕੌਰ ਦੀ ਇਸ ਵਿਵਾਦਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ।
ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹਾਰਡ ਕੌਰ ਦੀ ਇਹ ਵੀਡੀਓ 2.20 ਮਿੰਟ ਦੀ ਕਲਿੱਪ ਹੈ। ਜਿਸ ਵਿੱਚ ਉਹ ਇੱਕ ਬੱਸ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਦੀ ਵੀ ਦਿਖਾਈ ਦੇ ਰਹੀ ਹੈ ਤੇ ਖਾਲੀਸਤਾਨ ਦੇ ਨਾਅਰੇ ਵੀ ਲਗਾ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਾਰਡ ਕੌਰ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ‘ਤੇ ਹਾਰਡ ਕੌਰ ਦੀਆਂ ਇਨ੍ਹਾਂ ਵਿਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ, ਲੋਕ ਇਸ ਗਾਇਕਾ ਨੂੰ ਬਾਲੀਵੁੱਡ ਅਤੇ ਦੇਸ਼ ਵਿੱਚ ਬੈਨ ਕਰਨ ਅਤੇ ਉਸ ਵਿਰੁਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
ਦੱਸ ਦੇਈਏ ਕਿ ਹਾਰਡ ਕੌਰ ਨੇ ਇਸ ਤੋਂ ਪਹਿਲਾਂ ਯੂਪੀ ਦੇ ਸੀ. ਐੱਮ. ਯੋਗੀ ਆਦਿਤਿਅਨਾਥ ਤੇ ਆਰਐੱਸਐੱਸ ਮੁੱਖੀ ਮੋਹਨ ਭਾਗਵਤ ਤੇ ਆਪਣੇ ਸੋਸ਼ਲ ਅਕਾਊਂਟ ਦੁਆਰਾ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਹਾਰਡ ਕੌਰ ‘ਤੇ ਦੇਸ਼ਧ੍ਰੋਹ ਦਾ ਗੰਭੀਰ ਮਾਮਲਾ ਵੀ ਦਰਜ ਕੀਤਾ ਗਿਆ ਸੀ।