ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਪ੍ਰਵਾਸੀ ਪੰਜਾਬੀ: ਡਾ. ਬਰਾੜ

TeamGlobalPunjab
6 Min Read

ਫਗਵਾੜਾ- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵੱਲੋਂ ਆਪਣਾ ਲੜੀਵਾਰ ਵੈਬੀਨਾਰ ‘2022 ਦੀਆਂ ਚੋਣਾਂ ਵਿਚ ਪ੍ਰਵਾਸੀਆਂ ਦਾ ਰੋਲ’ ਵਿਸ਼ੇ ’ਤੇ ਮੰਚ ਪ੍ਰਧਾਨ ਗੁਰਮੀਤ ਪਲਾਹੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਵਿਚ ਬੋਲਦਿਆਂ ਮੁੱਖ ਬੁਲਾਰੇ ਰਜਿੰਦਰਪਾਲ ਸਿੰਘ ਬਰਾੜ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਪੰਜਾਬੀਆਂ ਵਿਚ ਵਿਦੇਸ਼ ਦਾ ਝੁਕਾਅ ਬਹੁਤ ਪੁਰਾਣਾ ਹੈ। ਸਾਡੀਆਂ ਲੋਕ ਬੋਲੀਆਂ ਵੀ ਇਸ ਦੀਆਂ ਗਵਾਹ ਹਨ। ਸਮੇਂ-ਸਮੇਂ ਪ੍ਰਵਾਸ ਵਿਚ ਤਬਦੀਲੀਆਂ ਵਾਪਰਦੀਆਂ ਰਹੀਆਂ ਹਨ। ਪ੍ਰਵਾਸੀਆਂ ਦਾ ਆਪਣੇ ਦੇਸ਼, ਸੂਬੇ ਤੇ ਆਪਣੇ ਖਿੱਤੇ ਨਾਲ ਮੋਹ ਬਣਿਆ ਹੋਇਆ ਹੈ।

ਅਜ਼ਾਦੀ ਤੋਂ ਬਾਅਦ ਜਦੋਂ ਗੋਰੇ ਅੰਗਰੇਜ਼ ਜਾਣ ਤੋਂ ਬਾਅਦ ਇਥੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਪਰ ਉਹ ਰਾਜ ਪ੍ਰਬੰਧ ਬਾਰੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਦਾ ਰੁਝਾਨ ਬਾਹਰ ਜਾਣ ਦਾ ਬਨਣ ਲੱਗਾ। ਪੰਜਾਬ ਵਿਚ ਲੰਬੇ ਸਮੇਂ ਲਈ ਕਾਂਗਰਸ, ਅਕਾਲੀ-ਭਾਜਪਾ ਪਾਰਟੀਆਂ ਹੀ ਰਾਜ ਕਰਦੀਆਂ ਰਹੀਆਂ। ਪ੍ਰਵਾਸੀ ਲੋਕ ਜਿਹੜੇ ਵੀ ਮੁਲਕ ਵਿਚ ਗਏ ਉਹ ਉਥੋਂ ਦੇ ਲੋਕਤੰਤਰ ਜਾਂ ਰਾਜ ਪ੍ਰਬੰਧ ਦਾ ਮੁਕਾਬਲਾ ਇਥੋਂ ਦੇ ਰਾਜ ਪ੍ਰਬੰਧ ਨਾਲ ਕਰਦੇ ਸਨ ਤੇ ਸੋਚਦੇ ਸਨ ਕਿ ਇਹੋ ਜਿਹਾ ਪ੍ਰਬੰਧ ਸਾਡੇ ਦੇਸ਼ ਵਿਚ ਕਿਉਂ ਨਹੀਂ ਹੈ। ਇਹਨਾਂ ਰਵਾਇਤੀ ਪਾਰਟੀਆਂ ਨਾਲ ਉਹਨਾਂ ਨੂੰ ਮੁਢੋਂ ਚਿੜ ਰਹੀ ਹੈ। ਇਸੇ ਕਾਰਨ ਪਿਛਲੀਆਂ ਚੋਣਾਂ ਵਿਚ ਪ੍ਰਵਾਸੀਆਂ ਵੱਲੋਂ ‘ਆਪ’ ਪਾਰਟੀ ਨੂੰ ਹੁੰਗਾਰਾ ਦਿੱਤਾ ਗਿਆ। ਉਹਨਾਂ ਨੇ ਤਨ, ਮਨ, ਧੰਨ ਨਾਲ ਇਸ ਪਾਰਟੀ ਦੀ ਸਹਾਇਤਾ ਕਰਨ ਦਾ ਇਰਾਦਾ ਬਣਾਇਆ ਸੀ ਕਿਉਂਕਿ ਉਹ ਇਸ ਨੂੰ ਰਵਾਇਤੀ ਪਾਰਟੀਆਂ ਤੋਂ ਅਲੱਗ ਸਮਝਦੇ ਸਨ ਤੇ ਉਹਨਾਂ ਨੂੰ ਇਸ ਤੇ ਰਾਜ ਪ੍ਰਬੰਧ ਵਿਚ ਸੁਧਾਰਾਂ ਦੀ ਆਸ ਸੀ।

ਉਹਨਾਂ ਨੂੰ ਆਸ ਸੀ ਕਿ ਇਹ ਪਾਰਟੀ ਭਿ੍ਰਸ਼ਟਾਚਾਰ ਖਤਮ ਕਰੇਗੀ। ਉਹ ਜਹਾਜ਼ ਭਰ ਕੇ ਇਧਰ ਮੱਦਦ ਕਰਨ ਆਏ ਪਰ ਕੇਜਰੀਵਾਲ ਦੀ ਆਪ ਹੁਦਰਾਪਨ ਦੀ ਨੀਤੀ ਨੇ ਉਹਨਾਂ ਦਾ ਇਸ ਪਾਰਟੀ ਤੋਂ ਵੀ ਮੋਹ ਭੰਗ ਕਰਵਾ ਦਿੱਤਾ। ਕੇਜਰੀਵਾਲ ਨੇ ਕੰਮ ਕਰਨ ਵਾਲੇ ਬੰਦੇ ਕੱਢ ਦਿੱਤੇ। ਉਹ ਵੀ ਰਵਾਇਤੀ ਪੱਧਰ ਤੇ ਹੀ ਆ ਗਿਆ। ਫਿਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਪ੍ਰਵਾਸੀਆਂ ਨੇ ਕੇਂਦਰ ਦੀ ਧੱਕੇ ਵਿਰੁੱਧ ਚਲ ਰਹੇ ਸੰਘਰਸ਼ ਵਿਚ ਵੀ ਹਰ ਤਰਾਂ ਹਿੱਸਾ ਪਾਇਆ। ਜਦੋਂ ਕਿਸਾਨ ਮੋਰਚਾ ਜਿੱਤਿਆ ਗਿਆ ਤਾਂ ਪ੍ਰਵਾਸੀਆਂ ਨੂੰ ਇਸ ਮੋਰਚੇ ਤੋਂ ਆਸ ਬਣ ਗਈ ਕਿ ਇਹ ਲੋਕ ਵਿਗੜੇ ਸਿਆਸੀ, ਸਮਾਜਿਕ ਤੇ ਆਰਥਕ ਹਾਲਾਤਾਂ ਨੂੰ ਸੁਧਾਰ ਸਕਦੇ ਹਨ। ਇਸ ਲਈ ਹੁਣ ਉਨਾਂ ਦਾ ਝੁਕਾਅ ਇਹਨਾਂ ਵੱਲ ਹੋ ਗਿਆ। ਪਰ ਪ੍ਰਵਾਸੀ ਲੋਕ ਅਜੇ ਵੀ ਭੰਬਲਭੂਸੇ ਵਿਚ ਪਏ ਹੋਏ ਹਨ ਕਿ ਕਿਸਾਨ ਸਮਾਜ ਮੋਰਚਾ ਪਾਰਟੀ ਬਨਣੀ ਚਾਹੀਦੀ ਸੀ ਜਾਂ ਨਾ। ਭਾਵੇਂ ਉਹ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ ਕਿਉਂਕਿ ਇਹ ਪਾਰਟੀਆਂ ਉਹਨਾਂ ਨੂੰ ਕਿਸੇ ਤਰਾਂ ਦੀ ਵੀ ਸੁਰੱਖਿਆ ਨਹੀਂ ਦੇ ਸਕੀਆਂ। ਕਰੋਨਾ ਕਾਲ ਵਿਚ ਜਿਥੇ ਸਾਰੇ ਸੰਸਾਰ ਦੇ ਕਾਰੋਬਾਰ ਤੇ ਅਸਰ ਹੋਇਆ ਇਸ ਦਾ ਪ੍ਰਭਾਵ ਪ੍ਰਵਾਸੀਆਂ ਦੇ ਸੋਚਣ ਦੇ ਤਰੀਕੇ ਦੇ ਨਾਲ ਉਹਨਾਂ ਦੇ ਆਰਥਿਕ ਸਾਧਨਾਂ ਤੇ ਵੀ ਪਿਆ। ਉਹਨਾਂ ਦੀ ਆਮਦਨੀ ਵੀ ਘਟੀ ਹੈ। ਉਹ ਦੇਸ਼ ਵਿਚ ਮੇਲਾ ਕਰਨ ਵੀ ਨਹੀਂ ਆਉਣਾ ਚਾਹੁੰਦੇ ਕਿ ਕਿਤੇ ਉਥੇ ਜਾ ਕੇ ਬੀਮਾਰੀ ਕਾਰਨ ਫਸ ਨਾ ਜਾਈਏ। ਭਾਵੇਂ ਪਹਿਲੀ ਦੂਜੀ ਪ੍ਰਵਾਸੀ ਪੀੜੀਆਂ ਨੂੰ ਆਪਣੇ ਪਿਛੇ ਨਾਲ ਮੋਹ ਸੀ ਪਰ ਹੁਣ ਦੀ ਨਵੀਂ ਪੀੜੀ ਨੂੰ ਕੋਈ ਜ਼ਿਆਦਾ ਮੋਹ ਨਹੀਂ ਰਿਹਾ। ਇਸ ਕਰਕੇ ਹੁਣ ਪ੍ਰਵਾਸੀ ਵੀਰ ਇਸ ਦੁਬਿਧਾ ਵਿਚ ਹਨ ਕਿ ਚੋਣਾਂ ਵਿਚ ਕੋਈ ਮੱਦਦ ਕਰੀਏ ਜਾਂ ਨਾ ਕਰੀਏ। ਉਹਨਾਂ ਦੀਆਂ ਜਾਇਦਾਦਾਂ ਦੀਆਂ ਸਮੱਸਿਆਵਾਂ ਵਿਚ ਵੀ ਇਥੋਂ ਦੀਆਂ ਸਿਆਸੀ ਪਾਰਟੀਆਂ ਇਥੋਂ ਦੇ ਲੋਕਲ ਬੰਦਿਆਂ ਦੀ ਮੱਦਦ ਕਰਦੀਆਂ ਹਨ। ਇਸ ਲਈ ਉਹ ਹੁਣ ਇਥੇ ਕਾਰੋਬਾਰ ਵੀ ਨਹੀਂ ਕਰਨਾ ਚਾਹੁੰਦੇ ਸਗੋਂ ਇਥੋਂ ਸਭ ਕੁਝ ਵੇਚਣ ਦੇ ਰੌਂਅ ਵਿਚ ਹਨ। ਹੁਣ ਇਥੋਂ ਦੀਆਂ ਔਂਕੜਾਂ ਕਾਰਨ ਬੱਚਿਆਂ ਨੂੰ ਵੀ ਗੇੜਾ ਨਹੀਂ ਲਵਾਉਣਾ ਚਾਹੁੰਦੇ।

ਮੁੱਖ ਬੁਲਾਰੇ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਲੱਗਦਾ ਹੈ ਕਿ ਇਸ ਵਾਰੀ ਦੀਆਂ ਚੋਣਾਂ ਵਿਚ ਪਿਛਲੀਆਂ ਚੋਣਾਂ ਵਾਂਗ ਪ੍ਰਵਾਸੀ ਉਤਸ਼ਾਹ ਨਹੀਂ ਦਿਖਾਉਣਗੇ ਸਿਰਫ਼ ਸੋਸ਼ਲ ਮੀਡੀਆ ਤੇ ਹੀ ਜੁੜਨਗੇ। ਉਹਨਾਂ ਇਹ ਵੀ ਖਦਸ਼ਾ ਜਤਾਇਆ ਕਿ ਕਿਸਾਨ ਸਮਾਜ ਮੋਰਚਾ ‘ਆਪ’ ਨੂੰ ਨੁਕਸਾਨ ਪਹੁੰਚਾ ਕੇ ਬੀ.ਜੇ.ਪੀ. ਤੇ ਅਕਾਲੀਆਂ ਦੇ ਹੱਕ ਵਿਚ ਭੁਗਤੇਗਾ। ਇਸ ਤਰਾਂ ਦੀ ਸਥਿਤੀ ਵਿਚ ਪ੍ਰਵਾਸੀ ਵੀ ਦੁਬਿਧਾ ਵਿਚ ਫਸੇ ਹੋਏ ਹਨ ਕੁਝ ਵੀ ਸਪੱਸ਼ਟ ਨਹੀਂ ਹੈ। ਇਹ ਗੱਲ ਪੱਕੀ ਹੈ ਕਿ ਪ੍ਰਵਾਸੀ ਜਾਂ ਕਿਸਾਨ ਸਮਾਜ ਨਾਲ ਖੜਨਗੇ ਜਾਂ ਆਪ ਦੀ ਮੱਦਦ ਕਰਨਗੇ। ਕਿਸੇ ਰਵਾਇਤੀ ਪਾਰਟੀ ਦੀ ਸਹਾਇਤਾ ਨਹੀਂ ਕਰਨਗੇ। ਇਸੇ ਗੱਲ ਨੂੰ ਅੱਗੇ ਤੋਰਦਿਆਂ ਕੇਹਰ ਸਰੀਫ਼ (ਜਰਮਨ) ਨੇ ਪੰਜਾਬ ਵਿਚ ਸਿਸਟਮ ਏਨਾ ਗੰਦਾ ਹੋ ਚੁੱਕਿਆ ਹੈ ਕਿ ਪ੍ਰਵਾਸੀਆਂ ਨੂੰ ਇਥੇ ਆ ਕੇ ਜ਼ਲੀਲ ਹੋਣਾ ਪੈਂਦਾ ਹੈ। ਚਰਨਜੀਤ ਸਿਘ ਗੁੰਮਟਾਲਾ ਨੇ ਕਿਸਾਨ ਸਮਾਜ ਮੋਰਚੇ ਵਿਚ ਪਈ ਫੁੱਟ ਦੀ ਗੱਲ ਕੀਤੀ। ਪ੍ਰੋ. ਰਣਜੀਤ ਧੀਰ (ਯੂ.ਕੇ.) ਨੇ ਇੰਗਲੈਂਡ ਦੇ ਇਤਿਹਾਸ ਦੇ ਸੰਦਰਭ ਵਿਚ ਇਥੋਂ ਦੀਆਂ ਰਵਾਇਤੀ ਪਾਰਟੀਆਂ ਬਾਰੇ ਕਿਹਾ ਕਿ ਇਹਨਾਂ ਵਿਚ ਲੋਕਤੰਤਰਕ ਨਹੀਂ ਹਨ ਸਗੋਂ ਅਜੇ ਤੱਕ ਜਾਤ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੀਆਂ ਹਨ। ਕੰਵਲਜੀਤ ਨੇ ਹੁਣ ਦੀਆਂ ਚੋਣਾਂ ਦਾ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਵਿਸ਼ਲੇਸ਼ਣ ਕੀਤਾ। ਐਡਵੋਕੇਟ ਐਸ.ਐਲ. ਵਿਰਦੀ ਨੇ ਕਿਹਾ ਪ੍ਰਵਾਸੀ ਚਾਹੁੰਦੇ ਹਨ ਕਿ ਭਾਰਤ ਵਿਚ ਵੀ ਸਦਾਚਾਰਕ ਲੋਕਤੰਤਰ ਹੋਵੇ। ਜਾਤ, ਧਰਮ ਆਦਿ ਨੂੰ ਭੁਲ ਕੇ ਪ੍ਰਵਾਸੀਆਂ ਨੂੰ ਇਥੋਂ ਦੇ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ। ਵੈਬੀਨਾਰ ਦੇ ਅੰਤ ਵਿਚ ਰਜਿੰਦਰਪਾਲ ਸਿੰਘ ਬਰਾੜ ਨੇ ਹੋਰ ਵਕਤਾਵਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜੁਆਬ ਵਿਸਥਾਰਪੂਰਵਕ ਤਸੱਲੀਬਖਸ਼ ਦਿੱਤੇ। ਇਸ ਵੈਬੀਨਾਰ ਵਿਚ ਪਰਵਿੰਦਰਜੀਤ, ਬੰਸੋ ਦੇਵੀ, ਜਗਦੀਪ ਸਿੰਘ, ਕਮਲਜੀਤ ਜਵੰਦਾ, ਦਰਸ਼ਨ ਸਿੰਘ ਰਿਆੜ, ਮਲਕੀਤ ਸਿੰਘ, ਜਨਕ, ਬੇਅੰਤ ਕੌਰ, ਰਵਿੰਦਰ ਚੋਟ ਆਦਿ ਨੇ ਹਿੱਸਾ ਲਿਆ।

Share This Article
Leave a Comment