-ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ;
ਕਈ ਦਹਾਕਿਆਂ ਬਾਅਦ ਪੰਜਾਬ ਨੂੰ ਕੋਈ ਅਜਿਹਾ ਨੇਤਾ ਮਿਲਿਆ ਹੈ ਜਿਹੜਾ ਪੰਜਾਬੀਆਂ ਦੀ ਪੀੜ ਨੂੰ ਆਪਦੀ ਪੀੜ ਸਮਝਦਾ ਹੈ ਅਤੇ ਜਿਹੜਾ ਲਲਕਾਰਾ ਮਾਰਦਾ ਹੈ ਕਿ ਪੰਜਾਬ ਦੀ ਹੋਣੀ ਬਣਨ ਵਾਲੇ ਮੁੱਦਿਆ ‘ਤੇ ਨਾ ਝੁਕਿਆ ਹੈ ਅਤੇ ਨਾ ਝੁਕਣ ਦੇਵੇਗਾ। ਉਸ ਨੇਤਾ ਦਾ ਨਾਂ ਹੈ – ਨਵਜੋਤ ਸਿੰਘ ਸਿੱਧੂ। ਉਹ ਆਮ ਲੋਕਾਂ ਨੂੰ ਮਿਲਦੇ ਹਨ ਤਾਂ ਲੋਕਾਂ ਦੀਆਂ ਅੱਖਾਂ ਵਿਚ ਇਕ ਚਮਕ ਅਤੇ ਚੇਹਰੇ ਦੀ ਮੁਸਕਰਾਹਟ ਦੇਖਣ ਵਾਲੀ ਹੁੰਦੀ ਹੈ। ਉਨ੍ਹਾਂ ਨੂੰ ਮਿਲਣ ਵਾਲਿਆਂ ਵਿਚ ਹਰ ਵਰਗ ਦੇ ਲੋਕ ਸ਼ਾਮਲ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਹਨ। ਉਹ ਜਦੋਂ ਬਾਜ਼ਾਰਾਂ ਦੀਆਂ ਭੀੜਾਂ ਵਿਚੋਂ ਨਿਕਲਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੀਆਂ ਗਰਦਨਾਂ ਨਾਲੋ ਨਾਲ ਘੁੰਮ ਰਹੀਆਂ ਹੁੰਦੀਆਂ ਹਨ। ਉਨ੍ਹਾਂ ਬਾਰੇ ਪੰਜਾਬ ਦੇ ਕਿਸੇ ਪਿੰਡ ਵਿਚ ਬੈਠੇ ਪੰਜਾਬੀ ਤੋਂ ਲੈ ਕੇ ਅਮਰੀਕਾ, ਕੈਨੇਡਾ ਸਮੇਤ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਪੰਜਾਬੀ ਇਕੋ ਬੋਲੀ ਬੋਲਦਾ ਹੈ।
ਉਹ ਪੰਜਾਬੀਆ ਨੂੰ ਪਿੰਡਾਂ ਦੀਆਂ ਸੱਥਾਂ, ਚੌਕਾਂ ਅਤੇ ਬਾਜ਼ਾਰਾਂ ਵਿਚ ਹਰ ਥਾਂ ਮਿਲਦੇ ਹਨ ਤਾਂ ਨੇਤਾ ਦੇ ਚੇਹਰੇ ਦੀ ਮੁਸਕਰਾਹਟ ਲੱਖਾਂ ਪੰਜਾਬੀਆ ਦੀ ਮੁਸਕਰਾਹਟ ਵਿਚ ਸ਼ਾਮਲ ਹੋ ਕੇ ਪੰਜਾਬ ਦੀ ਤਬਦੀਲੀ ਵਾਲੀ ਲਹਿਰ ਪੈਦਾ ਕਰਦੀ ਹੈ। ਉਹ ਪੰਜਾਬ ਦੇ ਮੁੱਦਿਆਂ ਦੀ ਪੂਰਤੀ ਲਈ ਦਹਾੜਦੇ ਹਨ ਤਾਂ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਅੰਦਰਲਾ ਪਾਪ ਕੰਬਦਾ ਹੈ। ਵਿਰੋਧੀ ਧਿਰ ਦੇ ਇਕ ਨੇਤਾ ਨੇ ਸਵੇਰ ਵੇਲੇ ਉਨ੍ਹਾਂ ਬਾਰੇ ਗੈਰ-ਰਸਮੀ ਟਿੱਪਣੀ ਕਰਦੇ ਹੋਏ ਕਿਹਾ ਕਿ – ਸਿੱਧੂ ਪੰਜਾਬ ਦਾ ਲੋਹ ਪੁਰਸ਼ ਹੈ। ਮੈਂ ਆਪਣੇ ਪੱਤਰਕਾਰੀ ਦੇ ਚਾਰ ਦਹਾਕਿਆਂ ਤੋਂ ਵਧੇਰੇ ਸਮੇਂ ਦੇ ਤਜ਼ਰਬੇ ਨਾਲ ਆਖ ਸਕਦਾ ਹਾਂ ਕਿ ਉਹ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਅਤੇ ਪੰਜਾਬ ਦੇ ਕਲਿਆਣ ਲਈ ਅਣਥੱਕ ਲੜਾਈ ਲੜ ਰਹੇ ਹਨ। ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਦੁਆਉਣ ਅਤੇ ਨਿਆਂ ਲੈਣ ਲਈ ਐਨੇ ਦ੍ਰਿੜ ਸੰਕਲਪ ਹਨ ਕਿ ਗੱਲ ਕਰਦਿਆਂ ਉਨ੍ਹਾਂ ਦੀਆਂ ਅੱਖਾਂ ‘ਚ ਵੀ ਤਪਸ਼ ਆ ਜਾਂਦੀ ਹੈ। ਉਨ੍ਹਾਂ ਲਈ ਗੁਰੂ ਤੋਂ ਵੱਡਾ ਕੁਝ ਵੀ ਨਹੀਂ। ਇਸੇ ਲਈ ਵਾਰ ਵਾਰ ਆਖਦੇ ਹਨ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਅਹੁਦੇ ਲੈਣਾ ਨਹੀਂ ਸਗੋਂ – ਪੰਜਾਬ ਦੇ ਕਲਿਆਣ ਵਿਚ ਹੀ ਉਨ੍ਹਾਂ ਦਾ ਕਲਿਆਣ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਨਿੱਜ਼ੀ ਲੜਾਈ ਨਹੀਂ ਸੀ। ਮੈਂ ਪੱਤਰਕਾਰ ਵਜੋਂ ਇਕ ਸਵਾਲ ਖੜ੍ਹਾਂ ਕਰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਤੋਂ ਬਗੈਰ ਕਿਸੇ ਮੰਤਰੀ, ਨੇਤਾ ਜਾਂ ਰਣਨੀਤੀ ਘੜਨ ਵਾਲਿਆਂ ਵਿਚੋਂ ਕਿਸੇ ਦੀ ਹਿੰਮਤ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰ ਸਕਦਾ? ਸਿੱਧੂ ਦਾ ਕਹਿਣਾ ਸੀ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਉਪਰ ਨਿਆਂ ਦੇਣ ਦੀ ਥਾਂ ਕੈਪਟਨ ਬਾਦਲਾਂ ਨਾਲ ਰਲਿਆ ਹੋਇਆ ਹੈ। ਸਿੱਧੂ ਦੇ ਹਰ ਐਕਸ਼ਨ ਵਿਚੋਂ ਉਨ੍ਹਾਂ ਦਾ ਇਖਲਾਕ ਅਤੇ ਪੰਜਾਬ ਲਈ ਪਹਿਰੇਦਾਰੀ – ਬੋਲਦੀ ਹੈ। ਕਈ ਆਖ ਦਿੰਦੇ ਹਨ ਕਿ ਕਾਂਗਰਸ ਦਾ ਪ੍ਰਧਾਨ ਬਨਣ ਮੌਕੇ ਸਟੇਜ ਉੱਤੇ ਬੈਠੇ ਕਈ ਸੀਨੀਅਰ ਆਗੂਆਂ ਦੇ ਗੋਡੀਂ ਜਾਂ ਪੈਰੀਂ ਹੱਥ ਲਾਏ ਪਰ ਕੈਪਟਨ ਦੇ ਪੈਰੀਂ ਹੱਥ ਨਹੀਂ ਲਾਏ। ਕਿਉਂ ਲਾਉਂਦੇ? ਜਿਹੜੇ ਨੇਤਾ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬੀਆਂ ਨੂੰ ਬੇਅਦਬੀ ਦੇ ਮੁੱਦੇ ਉੱਤੇ ਨਿਆਂ ਨਹੀਂ ਦਿੱਤਾ, ਸਿੱਧੂ ਦੇ ਹੱਥ ਕੱਟੇ ਤਾਂ ਜਾ ਸਕਦੇ ਹਨ ਪਰ ਬੇਅਦਬੀ ਦੇ ਦੋਸ਼ੀਆਂ ਨਾਲ ਘਿਉ ਖਿਚੜੀ ਦੇ ਦੋਸ਼ ਲਗਨ ਵਾਲੇ ਨੇਤਾ ਅੱਗੇ ਝੁਕ ਨਹੀਂ ਸਕਦੇ।
ਉਹ ਸਮਝੌਤਾਵਾਦੀ ਨਹੀਂ। ਇਸੇ ਕਰਕੇ ਰਵਾਇਤੀ ਰਾਜਨੀਤੀ ਕਰਨ ਵਾਲੇ ਆਗੂਆਂ ਨੂੰ ਸਮਝ ਨਹੀਂ ਆ ਰਹੀ ਕਿ ਸਿੱਧੂ ਨੂੰ ਰਾਜਸੀ ਅਖਾੜੇ ਵਿਚੋਂ ਬਾਹਰ ਕਿਵੇਂ ਕੀਤਾ ਜਾਵੇ? ਇਸੇ ਲਈ ਜੋ ਵੀ ਰਾਜਸੀ ਹਮਲੇ ਹੋਏ, ਸਿੱਧੂ ਦੇ ਸਿਰ ਤੋਂ ਉਪਰ ਦੀ ਨਿਕਲਦੇ ਰਹੇ ਅਤੇ ਉਹ ਆਪਣੇ ਰਾਹਾਂ ਤੇ ਬੇਖੌਫ ਤੁਰ ਰਹੇ ਹਨ। ਉਨ੍ਹਾਂ ਦਾ ਇਖਲਾਕ ਅਤੇ ਮੁੱਦਿਆਂ ਦੀ ਪਹਿਰੇਦਾਰੀ ਇਸ ਕਦਰ ਪੰਜਾਬੀਆਂ ਦੀ ਜ਼ੁਬਾਨ ‘ਤੇ ਆ ਗਈ ਹੈ ਕਿ ਪੰਜਾਬੀ ਹੀ ਸਿੱਧੂ ਦੀ ਤਾਕਤ ਬਣ ਗਏ ਹਨ।
ਲੋਕਾਂ ਦੀ ਸ਼ਕਤੀ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੇ ਅਤੇ ਲੋਕਾਂ ਦੇ ਸਮੁੰਦਰ ਵਿਚ ਗੁਆਚੇ ਨੇਤਾ ਮੁੜ ਕੇ ਕਦੇ ਨਹੀਂ ਲੱਭੇ। ਸਿੱਧੂ ਦੀ ਸਿਦਕਦਿਲੀ ਦੀ ਇਕ ਮਿਸਾਲ ਆਪਣੇ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ – ਕੁਝ ਦਿਨ ਪਹਿਲਾਂ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਚੰਡੀਗੜ੍ਹ ਉਨ੍ਹਾਂ ਨੂੰ ਮਿਲਿਆ। ਤਕਰੀਬਨ ਇਕ ਘੰਟਾ ਬੈਠ ਕੇ ਉਸ ਨਾਲ ਕੇਸ ਬਾਰੇ ਗੱਲਬਾਤ ਕੀਤੀ। ਲੜਕੇ ਦੇ ਮੋਢੇ ‘ਤੇ ਹੱਥ ਰੱਖ ਕੇ ਕਹਿਣ ਲੱਗੇ ਕਿ ਬੇਟਾ ਮੈਂ ਨਿਆਂ ਦੁਆਉਣ ਲਈ ਬਾਪ ਬਣ ਕੇ ਤੇਰੇ ਨਾਲ ਖੜ੍ਹਾਂ ਹਾਂ। ਉਸ ਵੇਲੇ ਲੜਕੇ ਦੀਆਂ ਅੱਖਾਂ ‘ਚ ਝਲਕ ਰਹੀ ਤਸਲੀ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਪਰ ਸ਼ਬਦ ਉਸ ਅਨੁਭਵ ਨੂੰ ਪ੍ਰਗਟ ਕਰਨ ਦੇ ਸਮਰਥ ਨਹੀਂ। ਇਸ ਤੋਂ ਕੁਝ ਦਿਨ ਪਹਿਲਾਂ ਬਗੈਰ ਕਿਸੇ ਨੂੰ ਦੱਸੇ ਸਵੇਰ ਦੇ ਸਤ ਵਿਚ ਗੁਰੂਦੁਆਰਾ ਬੁਰਜ ਜਵਾਹਰ ਸਿੰਘ ਗਏ ਸਨ। ਜਿਥੋਂ ਦੋਸ਼ੀਆਂ ਨੇ ਗੁਰੁ ਗ੍ਰੰਥ ਸਾਹਿਬ ਚੋਰੀ ਕੀਤਾ ਅਤੇ ਬੇਅਦਬੀ ਦਾ ਗੈਰ-ਮਨੁੱਖੀ ਕਾਰਾ ਕੀਤਾ। ਉਹ ਨਿਆਂ ਲੈਣ ਲਈ ਗੁਰੁ ਘਰ ਤੋਂ ਸ਼ਕਤੀ ਲੈਣ ਵਾਸਤੇ ਅਰਦਾਸ ਕਰਨ ਲਈ ਆਏ ਸਨ। ਡਰੱਗ ਮਾਫੀਆ ਵਿਰੁੱਧ ਲੜਾਈ ਵਿਚ ਪੰਜਾਬ ਨੂੰ ਬਚਾਉਣ ਲਈ ਕਿੰਨੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। (ਚਲਦਾ)
ਸੰਪਰਕ:9814002186