ਨਿਊਜ਼ ਡੈਸਕ : ਬੀਤੇ ਦਿਨੀਂ ਸ਼ੈਰੀ ਮਾਨ ਗਾਇਕ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਸ਼ਾਮਲ ਹੋਣ ਗਏ ਸਨ, ਜਿਥੇ ਸ਼ੈਰੀ ਮਾਨ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਹੋ ਗਏ ਤੇ ਵਿਆਹ ‘ਚੋਂ ਚਲੇ ਗਏ।
ਜਿਸ ਤੋਂ ਬਾਅਦ ਸ਼ੈਰੀ ਮਾਨ ਲਾਈਵ ਹੋ ਕੇ ਪਰਮੀਸ਼ ਨੂੰ ਗਾਲ੍ਹਾਂ ਕੱਢਣ ਲੱਗੇ ਤੇ ਇਸ ਦੌਰਾਨ ਸ਼ੈਰੀ ਮਾਨ ਸ਼ਰਾਬ ਦੇ ਨਸ਼ੇ ‘ਚ ਵੀ ਲਗ ਰਹੇ ਸਨ। ਅਸਲ ‘ਚ ਸ਼ੈਰੀ ਮਾਨ ਦੇ ਗੁੱਸੇ ਦਾ ਕਾਰਨ ਇਹ ਸੀ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਉਨ੍ਹਾਂ ਦਾ ਫੋਨ ਜਮ੍ਹਾ ਕਰਵਾ ਲਿਆ ਗਿਆ।
ਹਾਲਾਂਕਿ ਸ਼ੈਰੀ ਮਾਨ ਨੇ ਬਾਅਦ ’ਚ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਪਰ ਉਦੋਂ ਤੱਕ ਵੀਡੀਓਜ਼ ਵਾਇਰਲ ਹੋ ਚੁੱਕੀਆਂ ਸਨ। ਉਥੇ ਸ਼ੈਰੀ ਮਾਨ ਨੇ ਬਾਅਦ ’ਚ ਕੁਝ ਪੋਸਟਾਂ ਸਾਂਝੀਆਂ ਕਰਕੇ ਵੀ ਪਰਮੀਸ਼ ਵਰਮਾ ਦੇ ਵਿਆਹ ਦੇ ਚਾਅ ਅਧੂਰੇ ਰਹਿ ਜਾਣ ਦੀ ਗੱਲ ਕੀਤੀ।
ਇਸ ਵਿਚਾਲੇ ਹੁਣ ਪਰਮੀਸ਼ ਵਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਰਮੀਸ਼ ਵਰਮਾ ਨੇ ਇਕ ਇੰਸਟਾਗ੍ਰਾਮ ਸਟੋਰੀ ’ਚ ਸ਼ੈਰੀ ਮਾਨ ਦੀ ਨਾਰਾਜ਼ਗੀ ਦਾ ਜਵਾਬ ਦਿੱਤਾ ਹੈ। ਪਰਮੀਸ਼ ਨੇ ਲਿਖਿਆ, ‘ਸ਼ੈਰੀ ਵੀਰੇ ਮੇਰੇ ਵਿਆਹ ’ਤੇ ਆਉਣ ਲਈ ਤੁਹਾਡਾ ਧੰਨਵਾਦ, ਰਸਮਾਂ ’ਚ ਰੁੱਝੇ ਹੋਣ ਕਰਕੇ ਤੁਹਾਨੂੰ ਸਾਡੇ ਪਰਿਵਾਰ ’ਚ ਬੈਠ ਕੇ ਉਡੀਕ ਕਰਨੀ ਪਈ, ਉਸ ਲਈ ਮੁਆਫ਼ੀ। ਮੇਰੇ ਆਨੰਦ ਕਾਰਜ ਵਾਲੇ ਦਿਨ, ਤੁਸੀਂ ਲਾਈਵ ਹੋ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ। ਉਸ ਦਾ ਧੰਨਵਾਦ। ਪਰਮੀਸ਼ ਵਰਮਾ ਕੋਈ ਵੱਡਾ ਇਨਸਾਨ ਨਹੀਂ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹੈ। ਮੈਂ ਵਿਆਹ ’ਤੇ ਵੀ ਤੁਹਾਡੇ ਗੋਡੇ ਹੱਥ ਲਾ ਕੇ ਮਿਲਿਆ ਸੀ, ਅੱਗੇ ਵੀ ਉਨੇ ਹੀ ਸਤਿਕਾਰ ਨਾਲ ਮਿਲਾਂਗਾ।’