-ਅਵਤਾਰ ਸਿੰਘ;
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਤਾਜ਼ਾ ਬਿਆਨ ਜਿਸ ਵਿੱਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀਆਂ ਨੋਕ-ਝੋਕ ਦੀਆਂ ਖ਼ਬਰਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਜੇ ਦੋਵਾਂ ਪਾਰਟੀ ਆਗੂਆਂ ਵਿਚਕਾਰ ਕੋਈ ਵਿਵਾਦ ਹੈ ਤਾਂ ਇਸ ਦਾ ਪਾਰਟੀ ਨੂੰ ਭਵਿੱਖ ਵਿੱਚ ਲਾਭ ਮਿਲੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਰਾਵਤ ਨੇ ਕਿਹਾ ਕਿ ਇਸ ਨੂੰ ਲੋਕ ਮੰਨਦੇ ਕਿ ਬਹਾਦਰ ਨੇਤਾਵਾਂ ਨੇ ਆਪਣੀ ਆਪਣੀ ਗੱਲ ਜੋ ਲੋਕਾਂ ਦੇ ਹਿੱਤ ਦੀ ਹੈ, ਦ੍ਰਿੜਤਾ ਨਾਲ ਰੱਖੀ ਹੈ। ਉਨ੍ਹਾਂ ਕਿਹਾ ਪੰਜਾਬ ਸੂਰਬੀਰਾਂ ਦੀ ਧਰਤੀ ਹੈ। ਇਥੋਂ ਦੇ ਲੋਕ/ਲੀਡਰ ਆਪਣੀ ਆਪਣੀ ਰਾਇ ਦ੍ਰਿੜ੍ਹਤਾ ਨਾਲ ਰੱਖਦੇ ਹਨ। ਕੁਝ ਵਿਰੋਧੀ ਧਿਰਾਂ ਨੂੰ ਇੰਜ ਲਗਦਾ ਕਿ ਉਹ ਲੜ ਰਹੇ ਹਨ। ਪਰ ਅਜਿਹਾ ਕੁਝ ਨਹੀਂ ਹੈ। ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰ ਲੈਂਦੇ ਹਨ। ਪੰਜਾਬ ਕਾਂਗਰਸ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰ ਲਵੇਗੀ। ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਕਾਰ ਚੱਲ ਰਿਹਾ ਮਸਲਾ ਉਹ ਖੁਦ ਹੱਲ ਕਰ ਲੈਣਗੇ। ਅਜਿਹਾ ਪਾਰਟੀ ਦੇ ਹਿਤ ਵਿਚ ਹੈ।
ਰਾਵਤ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਤੇ ਹਰਿਆਣਾ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਮਸਲੇ ਹੱਲ ਕਰਨ ਵਿੱਚ ਫੇਲ੍ਹ ਹੋਈ ਹੈ। ਲੋਕਾਂ ਨਾਲ ਵਾਅਦੇ ਕਰਕੇ ਅਤੇ ਝੂਠੇ ਸੁਪਨੇ ਦਿਖਾ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਸਰਕਾਰ ਅਤਿਆਚਾਰ ਕਰ ਰਹੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਰਾਵਤ ਦੇ ਇਸ ਬਿਆਨ ਤੋਂ ਬਾਅਦ ਕੁਝ ਗੱਲਾਂ ਸਹੀ ਸਾਹਮਣੇ ਆਉਂਦੀਆਂ ਜਾਪਦੀਆਂ ਹਨ। ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਵਿਚਕਾਰ ਹੋਈ ਬਿਆਨਬਾਜ਼ੀ ਮਗਰੋਂ ਸਰਕਾਰ ਕੁਝ ਹਰਕਤ ਵਿੱਚ ਆਈ ਨਜ਼ਰ ਆਓਂਦੀ ਹੈ। ਉਸ ਨੇ ਮੁਲਾਜ਼ਮਾਂ, ਆਮ ਲੋਕਾਂ ਨਾਲ ਕੀਤੇ ਵਾਅਦਿਆਂ ਵਲ ਗੌਰ ਫਾਰਮਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਦੋ ਨਵੇਂ ਜ਼ਿਲੇ ਬਣਾਉਣ ਦਾ ਮੁੱਦਾ ਵੀ ਭੱਖਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੋ ਬਾਗੀ ਮੰਤਰੀ ਅਤੇ ਵਿਧਾਇਕ ਸਾਹਮਣੇ ਆਏ ਸਨ ਉਨ੍ਹਾਂ ਨੇ ਫਿਲਹਾਲ ਸਿਆਸੀ ਚੁੱਪ ਵਟ ਲਈ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਖ਼ਿਲਾਫ਼ ਬਾਗੀ ਸੁਰ ਵਾਲੇ ਮਾਝੇ ਦੇ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਵਿਅੰਗ ਕਸਿਆ ਹੈ। ਇਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ ਸੀ। ਪਰ ਇਸ ‘ਤੇ ਸਿਆਸਤੀ ਜੁਆਬ ਵਿਚ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਮੰਗ ਤਾਂ ਪਹਿਲਾਂ ਹੀ ਉਠਾਈ ਗਈ ਸੀ।
ਹਾਲਾਂਕਿ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਚਿੱਠੀ ’ਚ ਚੇਤੇ ਵੀ ਕਰਾਇਆ ਕਿ ਕੈਬਨਿਟ ਮੀਟਿੰਗ ‘ਚ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਫੈਸਲੇ ਸਮੇਂ ਇਨ੍ਹਾਂ ਮੰਤਰੀਆਂ ਅਤੇ ਸੁਨੀਲ ਜਾਖੜ ਵੱਲੋਂ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਉਠਾਈ ਗਈ ਸੀ। ਪਰ ਮੋਤੀਆਂ ਵਾਲੀ ਸਰਕਾਰ ਤਾਂ ਉਸ ਦੇ ਸਿਰ ਉਪਰ ਹੀ ਸੇਹਰਾ ਬੰਨ੍ਹੇਗੀ ਜਿਸ ਨੂੰ ਉਹ ਚਾਹੁੰਦੀ ਹੈ। ਚਲੋ ਕੁਝ ਵੀ ਕਹੋ ਲੋਕਾਂ ਪ੍ਰਤੀ ਸਰਕਾਰ ਸਰਗਰਮ ਤਾਂ ਹੋ ਹੀ ਗਈ ਲਗਦੀ ਹੈ। ਸਿਆਸਤ ਦੇ ਇਸ ਸੇਹਰੇ ਨਾਲ ਮਾਲੇਰਕੋਟਲਾ, ਬਟਾਲਾ ਤੋਂ ਬਾਅਦ ਹੁਣ ਫਗਵਾੜਾ ਨੂੰ ਜ਼ਿਲਾ ਐਲਾਨਿਆ ਜਾ ਸਕਦਾ ਹੈ ਕਿਓਂਕਿ ਭਾਜਪਾ ਵੱਲੋਂ ਵੀ ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਉਠਾ ਕੇ ਲੋਕਾਂ ਨਾਲ ਵਾਅਦਾ ਕਰਨ ਦੀਆਂ ਕਨਸੋਆਂ ਹਨ।ਸਿਆਸੀ ਲੀਡਰਾਂ ਵਿਚਕਾਰ ਨੋਕ-ਝੋਕ ਜਿੰਨੀ ਮਰਜ਼ੀ ਹੋਵੇ ਸਰਕਾਰ ਨੂੰ ਜਗਾਉਂਦੇ ਰਹਿਣਾ ਹੀ ਲੋਕ ਹਿਤ ਦੀ ਗੱਲ ਹੈ। ਲੋਕ ਮਸਲੇ ਤਾਂ ਹੀ ਹੱਲ ਹੋਣਗੇ ਜੇ ਸਰਕਾਰ ਜਾਗਦੀ ਰਹੇ।