ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਵੱਲੋਂ ਪੰਜਾਬ ਸਮੇਤ ਦੇਸ਼ ’ਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਭੱਦੀ ਸ਼ਬਦਾਵਲੀ ਅਤੇ ਹਮਲੇ ਕਰਨ ਵਿਰੁਧ ਬੀਤੇ ਦਿਨੀਂ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਔਰਤਾਂ ਨਾਲ ਹੋਈ ਧੱਕੇਸ਼ਾਹੀ ਦਾ ਲੋਕ ਲਗਾਤਾਰ ਵਿਰੋਧ ਕਰ ਰਹੇ ਹਨ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਗਾਇਕ ਤੇ ਆਪ ਆਗੂ ਅਨਮੋਲ ਗਗਨ ਮਾਨ ਦੇ ਹੱਕ ‘ਚ ਆਵਾਜ਼ ਚੁੱਕੀ ਹੈ।
ਬੱਬੂ ਮਾਨ ਨੇ ਲਿਖਿਆ, ‘ਸਿਆਸਤ ਤੋਂ ਪਰ੍ਹੇ, ਇੱਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਤੇ ਪੰਜਾਬ ਦੀਆਂ ਧੀਆਂ ‘ਤੇ ਪ੍ਰਸ਼ਾਸਨ ਵੱਲੋਂ ਕੀਤੇ ਅੱਤਿਆਚਾਰ ਦੀ ਅਸੀਂ ਸਾਫ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।’
ਇਸ ਤੋਂ ਅੱਗੇ ਬੱਬੂ ਮਾਨ ਨੇ ਲਿਖਦਿਆਂ ਕਿਹਾ ਕਿ, ‘ਦੂਜੀ ਗੱਲ ਕੁਝ ਸ਼ਲਾਰੂਆਂ ਨੇ ਫੋਟੋਆਂ ਤੇ ਭੱਦੀ ਸ਼ਬਦਾਵਲੀ ਵਰਤੀ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਇੱਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਹਰ ਦੁੱਖ ਸੁਖ ‘ਚ ਅਸੀਂ ਨਾਲ ਖੜ੍ਹੇ ਹਾਂ।’ -ਬੇਈਮਾਨ