ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸੂਬੇ ਦੇ ਸਾਰੇ ਬਲਾਕਾਂ ‘ਚ 5 ਹਜ਼ਾਰ ਵਿਦਿਆਰਥੀਆਂ ਦੀ ਸਮਰਥਾ ਵਾਲੇ ਵੱਡੇ ਮੈਗਾ ਸਕੂਲ ਸਥਾਪਿਤ ਕੀਤੇ ਜਾਣਗੇ ਤੇ ਇਹ ਮਿਆਰੀ ਸਿੱਖਿਆ ਲਈ ਸਮਰਪਿਤ ਕੀਤੇ ਜਾਣਗੇ।
ਉਹਨਾਂ ਨੇ ਇਸ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਪਾਰਟੀ ਦਾ ਉਮੀਦਵਾਰ ਵੀ ਐਲਾਲਿਆ।
ਇਥੇ ਵੱਡੀ ਗਿਣਤੀ ‘ਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰ ਸਕੂਲ ਬਲਾਕ ਦੇ 10 ਤੋਂ 15 ਪਿੰਡਾਂ ਦੇ ਵਿਦਿਆਰਥੀਆਂ ਦੀਆਂ ਸਿੱਖਿਆ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਹਨਾਂ ਕਿਹਾ ਕਿ ਇਹ ਸਕੂਲ ਸਥਾਪਿਤ ਕਰਨ ਦਾ ਮਕਸਦ ਤਾਜ਼ਾ ਵਿਦਿਅਕ ਤਰੀਕਿਆਂ ਨਾਲ ਇੰਟਰਨੈਟ ਕੁਨੈਕਸ਼ਨਾਂ ਨਾਲ ਲੈਸ ਸਕੂਲਾਂ ਰਾਹੀਂ ਵਿਦਿਆ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਬਣੇਗਾ ਕਿ ਅਧਿਆਪਕਾਂ ਦੀ ਕੋਈ ਘਾਟ ਨਾ ਹੋਵੇ ਜਿਵੇਂ ਕਿ ਇਸ ਵੇਲੇ ਰਾਜ ਦੇ ਕਈ ਸਕੂਲਾਂ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਤੇ ਸਿਹਤ ਖੇਤਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਲਈ ਤਰਜੀਹ ਹੋਣਗੇ। ਉਹਨਾਂ ਕਿਹਾ ਕਿ ਅਸੀਂ ਸੂਬੇ ਦੇ ਹਰ ਜ਼ਿਲ੍ਹੇ ‘ਚ 500 ਬੈਡਾਂ ਵਾਲੇ ਹਸਪਤਾਲ ਸਥਾਪਿਤ ਕਰਾਂਗੇ। ਉਹਨਾਂ ਸਿੱਖਿਆ ਤੇ ਸਿਹਤ ਖੇਤਰ ਵਿਚ ਚੁੱਕੇ ਜਾਣ ਵਾਲੇ ਹੋਰ ਕਦਮਾ ਦੀ ਗੱਲ ਕਰਦਿਆਂ ਕਿਹਾ ਕਿ ਗਠਜੋੜ ਸਰਕਾਰ ਸਾਰੇ ਪ੍ਰੋਫੈਸ਼ਨਲ ਅਦਾਰਿਆਂ ਵਿਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਂਆਂ ਕਰੇਗੀ। ਉਹਨਾਂ ਕਿਹਾ ਕਿ ਇਹਨਾਂ ਦੀ ਫੀਸ ਸਰਕਾਰ ਵੱਲੋਂ ਭਰੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਵਿਦਿਆਰਥੀ 10 ਲੱਖ ਦੇ ਵਿਦਿਅਕ ਕਰਜ਼ਾ ਸਕੀਮ ਲਈ ਯੋਗ ਹੋਣਗੇ ਅਤੇ ਸਾਰੇ ਪਰਿਵਾਰਾਂ ਨੂੰ ਸਰਕਾਰ ਵੱਲੋਂ 10 ਲੱਖ ਰੁਪਏ ਦਾ ਮੈਡੀਕਲ ਕਰਵਾ ਕੇ ਦਿੱਤਾ ਜਾਵੇਗਾ।
ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਕੋਈ ਟਿਊਬਵੈਲ ਕੁਨੈਕਸ਼ਨ ਜਾਰੀ ਨਹੀਂ ਕੀਤਾ। ਅਸੀਂ ਫੈਸਲਾ ਕੀਤਾ ਹੈ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂਹੈ, ਉਹਨਾਂ ਨੂੰ ਇਹ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਦੁੱਧ, ਸਬਜ਼ੀਆਂ ਤੇ ਫਲਾਂ ਲਈ ਐਮ ਐਸ ਪੀ ਤੈਅ ਕਰੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਘਾਟ ਹੋਵੇਗੀ ਤੇ ਸਰਕਾਰ ਐਮ ਐਸ ਪੀ ਅਨੁਸਾਰ ਆਪਣੀ ਚੀਜ਼ ਨਹੀਂ ਵੇਚ ਸਕੇਗਾ ਤਾਂ ਫਿਰ ਸਰਕਾਰ ਉਸਦਾ ਘਾਟਾ ਪੂਰਾ ਕਰੇਗੀ।
ਕਾਂਗਰਸ ਸਰਕਾਰ ਵੱਲੋਂ ਲੋਕਾਂ ਲਈ ਸਮਾਜ ਭਲਾਈ ਲਾਭ ਬੰਦ ਕਰਨ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਸਾਰੇ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣਗੇ ਅਤੇ ਐਸ ਸੀ ਸਕਾਲਰਸ਼ਿਪ ਸਕੀਮ ਵੀ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਬੀ ਪੀ ਐਲ ਕਾਰਡ ਧਾਰਕ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਮਿਲਣਗੇ। ਉਹਨਾਂ ਕਿਹਾ ਕਿ ਜੋ ਵਿਕਾਸ ਕਾਰਜ ਕੈਪਟਨ ਅਮਰਿੰਦਰ ਸਿੰਘ ਨੇ ਠੱਪ ਕੀਤੇ ਹਨ, ਉਹ ਮੁਕੰਮਲ ਕੀਤੇ ਜਾਣਗੇ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਸੇ ਤਰੀਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਜਿਵੇਂ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਮੌਕੇ ਬਣਾਇਆ ਸੀ। ਉਹਨਾਂ ਕਿਹਾ ਕਿ ਆਪ ਸੂਬੇ ਵਿਚ ਸਰਕਾਰ ਬਣਨ ’ਤੇ 300 ਯੂਨਿਟ ਮੁਫਤ ਬਿਜਲੀ ਸਹੂਲਤ ਲੈਣ ਲਈ ਫਾਰਮ ਭਰਵਾ ਰਹੀ ਹੈ। ਉਹਨਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਇਹ ਸਹੂਲਤ ਸਿਰਫ ਫਾਰਮ ਭਰਨ ਵਾਲਿਆਂ ਨੂੰ ਮਿਲੇਗੀ ਜਾਂ ਫਿਰ ਸਾਰੇ ਲੋਕਾਂ ਨੂੰ ਮਿਲੇਗੀ ? ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਵੇਲੇ ਬਿਜਲੀ ਦਰਾਂ ਬਹੁਤ ਮਹਿੰਗੀਆਂ ਹਨ ਤੇ ਇਸਨੇ ਇਯੇ ਲਈ ਫੈਸਲਾ ਕੀਤਾ ਹੈ ਕਿ ਹਰ ਪਰਿਵਾਰ ਨੁੰ 400 ਯੁਨਿਟ ਬਿਜਲੀ ਮੁਫਤ ਹਰ ਮਹੀਨੇ ਮੁਫਤ ਦਿੱਤੀ ਜਾਵੇਗੀ ਨਾ ਕਿ ਆਪ ਵਾਂਗ ਸ਼ਰਤਾਂ ਰੱਖੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਬਾਦਲ ਦਾ ਹਲਕੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਵਿਖੇ ਮੱਥਾ ਟੇਕਿਆ। ਨੌਜਵਾਨਾਂ ਦੇ ਵੱਡੇ ਕਾਫਲੇ ਨੇ ਮੋਟਰ ਸਾਈਕਲਾਂ ’ਤੇ ਉਹਨਾਂ ਦੀ ਅਗਵਾਈ ਵਿਚ ਮਾਰਚ ਕੱਢਦਿਆਂ ਉਹਨਾਂ ਨੂੰ ਲੱਖੋਵਾਲ ਅਨਾਜ ਮੰਡੀ ਤੱਕ ਲਿਆਂਦਾ ਜਿਥੇ ਉਹਨਾਂ ਪਹਿਲੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ।