ਫਰਿਜ਼ਨੋ,ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਕੈਲੀਫੋਰਨੀਆ ਵਿੱਚ ਬੁੱਧਵਾਰ ਨੂੰ ਇੱਕ ਮਾਲ ਰੇਲਗੱਡੀ ਦੀ ਇੱਕ ਕਾਰ ਨਾਲ ਟੱਕਰ ਹੋਣ ਕਾਰਨ 12 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਅਤੇ ਇੱਕ 19 ਸਾਲਾਂ ਮਹਿਲਾ ਗੰਭੀਰ ਰੂਪ ਵਿੱਚ ਜਖਮੀ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਲ ਰੇਲਗੱਡੀ ਓਕਲੇ ਸ਼ਹਿਰ ਵਿੱਚ ਪੂਰਬੀ ਸਾਈਪਰੈਸ ਤੋਂ ਪੱਛਮ ਵੱਲ ਜਾ ਰਹੀ ਸੀ, ਜਿਸ ਦੌਰਾਨ ਪਟੜੀ ‘ਤੇ ਇਹ ਜਾਨਲੇਵਾ ਹਾਦਸਾ ਵਾਪਰਿਆ।
ਇਸ ਕਾਰ ਵਿੱਚ ਸਵਾਰ 12 ਸਾਲਾਂ ਲੜਕੇ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਸੀ ਅਤੇ ਉਸਦੀ ਪਛਾਣ ਜੋਸ਼ੁਆ ਸ਼ੈਫਰ ਵਜੋਂ ਉਸਦੀ ਮਾਂ ਮੇਲਿਸਾ ਸ਼ੈਫਰ ਦੁਆਰਾ ਕੀਤੀ ਗਈ। ਜਦਕਿ ਕਾਰ ਦੀ ਡਰਾਈਵਰ, 19 ਸਾਲਾ ਔਰਤ, ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਗੰਭੀਰ ਹਾਲਤ ਵਿੱਚ ਹੈ। ਇਸ ਟੱਕਰ ਵਿੱਚ ਦੋ ਹੋਰ ਵਾਹਨ ਵੀ ਨੁਕਸਾਨੇ ਗਏ। ਇਸ ਹਾਦਸੇ ਦੇ ਵਾਪਰਨ ਸਬੰਧੀ ਕਾਰਨਾਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਸੀ, ਜਦਕਿ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸ਼ਹਿਰ ਦੇ ਇਸ ਘਟਨਾ ਸਥਾਨ ਵਾਲੇ ਪਾਸੇ ਦੇ ਸੜਕ ਮਾਰਗ ਤੋਂ ਬਚਣ ਦੀ ਅਪੀਲ ਕੀਤੀ ਸੀ।