ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਦੇ ਸੈਕਟਰ -10 ਅਜਾਇਬ ਘਰ ਨੇੜੇ ਮਨੁੱਖੀ ਚੈਨ ਬਣਾ ਕੇ ਨਿਊਜ਼ੀਲੈਂਡ ਦੀ ਸਰਕਾਰ ਖ਼ਿਲਾਫ਼ ਦਰਜਨਾਂ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਇਹ ਨੌਜਵਾਨ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੇ ਸਨ, ਜਿਨ੍ਹਾਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ ਅਤੇ ਨਿਉਜ਼ੀਲੈਂਡ ਦੀ ਸਰਕਾਰ ਖਿਲਾਫ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ਆਏ ਹਨ ਪਰ ਨਿਊਜ਼ੀਲੈਂਡ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਅਜੇ ਤੱਕ ਬੁਲਾਇਆ ਨਹੀਂ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਵੀਜ਼ਾ ਦੀ ਮਿਆਦ ਵੀ ਖਤਮ ਹੋ ਗਈ ਹੈ।
ਪ੍ਰਦਰਸ਼ਨ ਕਰ ਰਹੇ ਜਗਦੀਪ ਸਿੰਘ ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਥੇ ਆਏ ਹੋਏ ਹਨ ਪਰ ਹੁਣ ਕੋਰੋਨਾ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਵਾਪਸ ਨਹੀਂ ਬੁਲਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਉਥੇ ਪੜਾਈ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਕੰਮ ਕਰਨ ਵਾਲੇ ਨੌਜਵਾਨਾਂ ਨੇ ਨਿਉਜ਼ੀਲੈਂਡ ਵਿੱਚ ਫਲੈਟਾਂ ਅਤੇ ਕਾਰਾਂ ਲੈ ਲਈਆਂ ਹਨ, ਜਿਨ੍ਹਾਂ ਦਾ ਖਰਚਾ ਪੈ ਰਿਹਾ ਹੈ ਅਤੇ ਉਹ ਇਥੇ ਵੀ ਕੋਈ ਕੰਮ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੱਖਾਂ ਰੁਪਏ ਲਗਾਕੇ ਉਥੇ ਪੜ੍ਹਾਈ ਕੀਤੀ ਅਤੇ ਜਦੋਂ ਨੌਕਰੀ ਕਰਨ ਦਾ ਸਮਾਂ ਆਇਆ ਤਾਂ ਉਥੇ ਦੀ ਸਰਕਾਰ ਵਲੋਂ ਵਾਪਸ ਬੁਲਾਇਆ ਨਹੀਂ ਜਾ ਰਿਹਾ ਹੈ।
ਨਿਉਜ਼ੀਲੈਂਡ ਦੇ ਵੀਜ਼ਾ ਧਾਰਕਾਂ ਨੇ ਕਿਹਾ ਕਿ ਕੋਵਿਡ ਕਾਰਨ ਨਿਊਜ਼ੀਲੈਂਡ ਦੀ ਸਰਕਾਰ ਉਨ੍ਹਾਂ ਨੂੰ ਉਥੇ ਆਉਣ ਦੀ ਆਗਿਆ ਨਹੀਂ ਦੇ ਰਹੀ ਹੈ। ਉਹ ਤਕਰੀਬਨ 14-16 ਮਹੀਨਿਆਂ ਤੋਂ ਇੱਥੇ ਭਾਰਤ ‘ਚ ਫਸੇ ਹੋਏ ਹਨ। ਇੰਨਾ ਹੀ ਨਹੀਂ ਇਸ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਦੇ ਵੀਜ਼ਾ ਦੀ ਮਿਆਦ ਵੀ ਖਤਮ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਅਸਲ ਦਸਤਾਵੇਜ਼ ਨਿਉਜ਼ੀਲੈਂਡ ਵਿੱਚ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡਾ ਸਾਰਾ ਸਾਮਾਨ ਨਿਉਜ਼ੀਲੈਂਡ ਵਿੱਚ ਹੈ, ਕਾਰਾਂ ਦੀਆਂ ਕਿਸ਼ਤਾਂ ਚੱਲ ਰਹੀਆਂ ਹਨ, ਜੇਕਰ ਭਾਰਤ ਅਤੇ ਸੂਬਾ ਸਰਕਾਰਾਂ ਨੇ ਉਨ੍ਹਾਂ ਦੀ ਸੁੱਧ ਨਾ ਲਈ ਤਾਂ ਉਹ ਦਿੱਲੀ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।