ਅਲਬਾਮਾ : ਅਮਰੀਕਾ ਦੇ ਅਲਬਾਮਾ ਸੂਬੇ ‘ਚ ਇੰਟਰਸਟੇਟ 65 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 9 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਲਗਭਗ 15 ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਇਨ੍ਹਾਂ ‘ਚੋਂ ਕਈ ਕਾਰਾਂ ਵਿੱਚ ਅੱਗ ਲੱਗ ਗਈ।
ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੋਂਟਗੋਮਰੀ ਦੇ ਦੱਖਣ ਵੱਲ ਲਗਭਗ 55 ਕਿਲੋਮੀਟਰ ਦੂਰ ਕਈ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ‘ਚ 9 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ।
ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਨਾਂਅ ਜਨਤਕ ਨਹੀਂ ਕੀਤੇ ਗਏ ਹਨ। ਇਸ ਹਾਦਸੇ ‘ਚ ਵੈਨ ‘ਚ ਸਵਾਰ ਮਾਰੇ ਗਏ 8 ਬੱਚਿਆਂ ਦੀ ਉਮਰ ਚਾਰ ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਹ ਵੈਨ ਬੱਚਿਆਂ ਦੇ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਵਲੋਂ ਸੰਚਾਲਤ ਇੱਕ ਸੰਗਠਨ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ ਇੱਕ ਹੋਰ ਗੱਡੀ ‘ਚ ਇੱਕ ਵਿਅਕਤੀ ਅਤੇ ਇੱਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ।