ਧਰਮਪਾਲ, ਚੰਡੀਗੜ੍ਹ ਦੇ ਨਵੇਂ ਸਲਾਹਕਾਰ; ਜੱਦੀ ਪਿੰਡ ਬੰਗਾ ‘ਚ ਮਨਾਈ ਖੁਸ਼ੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੋਰ ਦੇ ਨਵੇਂ ਸਲਾਹਕਾਰ 1988 ਬੈਚ ਦੇ ਆਈ ਏ ਐਸ ਅਫਸਰ ਧਰਮਪਾਲ ਹੋਣਗੇ। ਧਰਮਪਾਲ ਦਾ ਜ਼ਿਲਾ ਨਵਾਂ ਸ਼ਹਿਰ ਵਿੱਚ ਬੰਗਾ ਨੇੜੇ ਪਿੰਡ ਖਮੈਚੋਂ ਹੈ। ਇਸ ਖ਼ਬਰ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ ‘ਤੇ ਖੁਸ਼ੀ ਮਨਾਈ। ਉਨ੍ਹਾਂ ਦੇ ਮਿੱਤਰ ਡਾ ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਧਰਮਪਾਲ ਇਕ ਮੇਹਨਤੀ, ਇਮਾਨਦਾਰ ਅਤੇ ਲੋਕਾਂ ਦਾ ਭਲਾ ਸੋਚਣ ਵਾਲਾ ਅਫਸਰ ਹੈ। ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਬਹੁਤ ਲਾਭ ਪਹੁੰਚੇਗਾ। ਉਹਨਾਂ ਦੇ ਜੱਦੀ ਘਰ ’ਚ ਜੁੜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪ੍ਰਾਪਤੀ ’ਤੇ ਪਿੰਡ ਨੂੰ ਮਾਣ ਹੈ ਕਿ ਇੱਕ ਸੰਘਰਸ਼ਸ਼ੀਲ ਪਰਿਵਾਰ ਨਾਲ ਸਬੰਧਤ ਇਸ ਹੋਣਹਾਰ ਅਫ਼ਸਰ ਨੇ ਵੱਡੀ ਪੱਧਰ ’ਤੇ ਨਾਮਣਾ ਖੱਟਿਆ ਹੈ। ਘਰ ’ਚ ਮੌਜ਼ੂਦ ਉਸ ਦੇ ਚਾਚਾ ਸਮਾਜ ਸੇਵੀ ਹਰਬਲਾਸ, ਚਾਚੀ ਸਾਬਕਾ ਸਰਪੰਚ ਕਸ਼ਮੀਰ ਕੌਰ ਨੇ ਦੱਸਿਆ ਕਿ ਆਈਏਐਸ ਅਧਿਕਾਰੀ ਧਰਮ ਪਾਲ ਦੇ ਪਿਤਾ ਸਵ. ਤਰਸੇਮ ਲਾਲ ਤੇ ਮਾਤਾ ਦਰਸ਼ੋ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤਰ ਪੜ੍ਹ ਲਿਖ ਕੇ ਲੋਕ ਸੇਵਾ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰੇ। ਉਹਨਾਂ ਕਿਹਾ ਕਿ ਮਾਪਿਆਂ ਵਲੋਂ ਮਿਹਨਤ ਦੇ ਬਲਬੂਤੇ ਨਾਲ ਲਿਆ ਸੁਪਨਾ ਅੱਜ ਪੂਰਾ ਹੁੰਦਾ ਦੇਖ ਉਹਨਾਂ ਨੂੰ ਬੇਹੱਦ ਖੁਸ਼ੀ ਹੈ। ਉਹਨਾਂ ਦੇ ਦੋਸਤ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਧਰਮ ਪਾਲ ਦੀ ਇਸ ਨਿਯੁਕਤੀ ਨਾਲ ਬੰਗਾ ਇਲਾਕੇ ਦਾ ਮਾਣ ਵਧਿਆ ਹੈ। ਦੱਸਣਯੋਗ ਹੈ ਕਿ ਧਰਮ ਪਾਲ ਵਲੋਂ ਪ੍ਰਾਇਮਰੀ ਦੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ ਗਈ ਅਤੇ ਸਥਾਨਕ ਸਿੱਖ ਨੈਸ਼ਨਲ ਕਾਲਜ ਤੋਂ ਗਰੇਜ਼ੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ .

ਧਰਮਪਾਲ ਨੇ 1981 ਤੋਂ 1985 ਤਕ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਉਹ ਖੂਬਸੂਰਤ ਸ਼ਹਿਰ ਚੰਡੀਗੜ੍ਹ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹ ਅੱਜ ਕੱਲ੍ਹ ਭਾਰਤ ਸਰਕਾਰ ਵਿੱਚ ਜਾਇੰਟ ਸਕੱਤਰ ਕੈਮੀਕਲ ਤੇ ਫਰਟੀਲਾਈਜ਼ਰ ਹਨ। ਉਹ ਇਸੇ ਹਫਤੇ ਚੰਡੀਗੜ੍ਹ ਦੀ ਆਪਣੀ ਨਵੀਂ ਜਿੰਮੇਵਾਰੀ ਸੰਭਾਲ ਲੈਣਗੇ।

Share This Article
Leave a Comment