ਵਾਸ਼ਿੰਗਟਨ: ਭਾਰਤ ਤੋਂ ਏਅਰ ਇੰਡੀਆ ਦੀ ਫ਼ਲਾਈਟ ਰਾਹੀਂ ਅਮਰੀਕਾ ਆਏ ਇਕ ਵਿਅਕਤੀ ਦੇ ਬੈਗ ‘ਚੋਂ ਪਾਥੀਆਂ ਨਿਕਲਣ ਤੋਂ ਬਾਅਦ ਅਮਰੀਕੀ ਕਸਟਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਯਾਤਰੀਆਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਆਉਣ ਵਾਲਾ ਕੋਈ ਵੀ ਯਾਤਰੀ ਆਪਣੇ ਨਾਲ ਗੋਹਾ ਨਾਂ ਲੈ ਕੇ ਆਵੇ, ਕਿਉਂਕਿ ਇਹ ਸਿਹਤ ਲਈ ਬਹੁਤ ਖ਼ਤਰਨਾਕ ਹੈ।
ਦੱਸਣਯੋਗ ਹੈ ਕਿ ਬੀਤੇ ਮਹੀਨੇ ਭਾਰਤ ਤੋਂ ਏਅਰ ਇੰਡੀਆ ਦੀ ਫ਼ਲਾਈਟ ਰਾਹੀਂ ਅਮਰੀਕਾ ਆਏ ਇੱਕ ਵਿਅਕਤੀ ਦੇ ਬੈਗ ‘ਚੋਂ ਪਾਥੀਆਂ ਦੇਖ ਕੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀ ਹੈਰਾਨ ਰਹਿ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿੱਚ ਪਾਥੀਆਂ ‘ਤੇ ਬੈਨ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ।
ਅਧਿਕਾਰੀਆਂ ਨੂੰ ਇਨ੍ਹਾਂ ਪਾਥੀਆਂ ਬਾਰੇ ਉਦੋਂ ਪਤਾ ਲੱਗਾ ਜਦੋਂ ਭਾਰਤੀ ਯਾਤਰੀ ਆਪਣਾ ਬੈਗ ਹਵਾਈ ਅੱਡੇ ‘ਤੇ ਭੁੱਲ ਗਿਆ। ਲਾਵਾਰਿਸ ਬੈਗ ਦੀ ਪੜਤਾਲ ਕੀਤੀ ਗਈ ਤਾਂ ਵਿਚੋਂ ਪਾਥੀਆਂ ਨਿਕਲੀਆਂ।