ਲੁਧਿਆਣਾ (ਰਜਿੰਦਰ ਅਰੋੜਾ): ਜ਼ਿਲ੍ਹੇ ਦੇ ਹੰਬੜਾ ਰੋਡ ‘ਤੇ ਅੱਜ ਰਾਧਾ ਸੁਆਮੀ ਸਤਿਸੰਗ ਡੇਰੇ ‘ਚ ਕੋਰੋਨਾ ਵਾਇਰਸ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਬੈੱਡ ਲਾਉਣ ਦੇ ਨਾਲ ਆਕਸੀਜਨ ਸਿਲੰਡਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਕੋਵਿਡ ਕੇਅਰ ਸੈਂਟਰ ਦਾ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਡਿਪਟੀ ਕਮਿਸ਼ਨਰ ਬਲਵਿੰਦਰ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਰਾਧਾ ਸੁਆਮੀ ਸਤਿਸੰਗ ਘਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਮਰੀਜ਼ਾਂ ਲਈ ਉਹ ਵੀ ਆਪਣਾ ਯੋਗਦਾਨ ਪਾਉਣ ਜਿਸ ਕਰਕੇ ਇੱਥੇ ਇਹ ਸੈਂਟਰ ਬਣਾਏ ਗਏ ਹਨ, ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਡੇਰੇ ਦੇ ਪ੍ਰਬੰਧਕਾਂ ਦੇ ਬਹੁਤ ਧੰਨਵਾਦੀ ਹਾਂ। ਉੱਥੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇਸ ਤੋਂ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਪ੍ਰਬੰਧ ਚੰਗੇ ਹਨ ਅਤੇ ਇਸ ਨਾਲ ਕਈ ਕੋਰੋਨਾ ਮਰੀਜ਼ ਇੱਥੇ ਆ ਕੇ ਆਸਾਨੀ ਨਾਲ ਕੁਆਰੰਟੀਨ ਹੋ ਸਕਦੇ ਹਨ।