ਕਿਸਾਨ ਮੇਲਿਆਂ ਦੀ ਬੱਲੋਵਾਲ ਸੌਂਖੜੀ ਦੇ ਵਰਚੁਅਲ ਮੇਲੇ ਨਾਲ ਸ਼ੁਰੂਆਤ ਕੀਤੀ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਅੱਜ ਵਰਚੁਅਲ ਮੇਲੇ ਦੀ ਸ਼ੁਰੂਆਤ ਨਾਲ ਕਿਸਾਨ ਮੇਲਿਆਂ ਦਾ ਆਰੰਭ ਹੋ ਗਿਆ । ਜ਼ਿਕਰਯੋਗ ਹੈ ਕਿ ਕੋਵਿਡ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਮੁਤਾਬਿਕ ਹਰ ਸਾਲ ਲਾਏ ਜਾਣ ਵਾਲੇ ਮੇਲਿਆਂ ਦਾ ਰੂਪ ਵਰਚੁਅਲ ਜਾਂ ਆਨਲਾਈਨ ਰੱਖਿਆ ਗਿਆ ਹੈ।

ਬੱਲੋਵਾਲ ਸੌਂਖੜੀ ਕਿਸਾਨ ਮੇਲੇ ਦੇ ਸ਼ੁਰੂਆਤੀ ਸੈਸ਼ਨ ਮੁੱਖ ਮਹਿਮਾਨ ਵਜੋਂ ਹਿਮਾਚਲ ਪ੍ਰਦੇਸ਼ ਕਿ੍ਰਸ਼ੀ ਵਿਸ਼ਵ ਵਿਦਿਆਲਾ ਦੇ ਡੀਨ ਖੇਤੀਬਾੜੀ ਡਾ. ਆਰ ਕੇ ਕਟਾਰੀਆ ਸ਼ਾਮਿਲ ਹੋਏ। ਡਾ. ਕਟਾਰੀਆ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਕੰਢੀ ਖੇਤਰ ਦੀਆਂ ਭੂਗੋਲਿਕ ਹਾਲਤਾਂ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਪਾਣੀ, ਜੰਗਲੀ ਜਾਨਵਰਾਂ ਦੀ ਸਮੱਸਿਆ ਆਦਿ ਦੇ ਮੱਦੇਨਜ਼ਰ ਇਹ ਇਲਾਕਾ ਪੰਜਾਬ ਦੇ ਖੇਤੀ ਵਿਕਾਸ ਨਾਲੋਂ ਟੁੱਟਿਆ ਹੋਇਆ ਹੈ ਪਰ ਪੀ.ਏ.ਯੂ. ਵੱਲੋਂ ਆਪਣੀ ਖੇਤੀ ਖੋਜ ਵਿੱਚ ਇਸ ਇਲਾਕੇ ਦੀਆਂ ਲੋੜਾਂ ਨੂੰ ਨਿਰੰਤਰ ਜਗਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੱਲੋਵਾਲ ਸੌਂਖੜੀ ਖੇਤਰ ਵਿੱਚ ਜੈਵਿਕ ਖੇਤੀ ਮਾਡਲ ਦੀਆਂ ਕਾਫੀ ਸੰਭਾਵਨਾਵਾਂ ਹਨ ਕਿਉਂਕਿ ਇੱਥੋਂ ਦੇ ਕਿਸਾਨ ਪਹਿਲਾਂ ਹੀ ਖੇਤੀ ਰਸਾਇਣਾਂ ਦੀ ਵਰਤੋਂ ਨਾ ਮਾਤਰ ਕਰਦੇ ਹਨ। ਇਸ ਦਿਸ਼ਾ ਵਿੱਚ ਹੋਰ ਖੋਜ ਕਰਨ ਦੀ ਲੋੜ ਹੈ। ਡਾ. ਕਟਾਰੀਆ ਨੇ ਪੀ.ਏ.ਯੂ. ਵੱਲੋਂ ਕੀਤੀਆਂ ਜਾਂਦੀਆਂ ਪਸਾਰ ਗਤੀਵਿਧੀਆਂ ਨੂੰ ਸਮੁੱਚੇ ਦੇਸ਼ ਲਈ ਅਹਿਮ ਕਿਹਾ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਹਰ ਮੁਕਾਮ ਤੇ ਅਗਾਂਹ ਵਧ ਕੇ ਅਗਵਾਈ ਕੀਤੀ ਹੈ। ਵਰਚੁਅਲ ਮੇਲੇ ਕੋਵਿਡ ਦੇ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਤੱਕ ਆਉਂਦੇ ਫਸਲੀ ਸੀਜ਼ਨ ਦੀਆਂ ਸਿਫਾਰਸ਼ਾਂ ਪਹੁੰਚਾਉਣ ਵਿੱਚ ਸਫਲ ਹੋਣਗੇ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਵੱਲੋਂ ਨਵੀਆਂ ਖੋਜਾਂ ਅਤੇ ਉਤਪਾਦਨ ਤਕਨੀਕਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਗੰਨੇ ਦੀਆਂ ਅਗੇਤੀ ਬਿਜਾਈ ਵਾਲੀਆਂ ਕਿਸਮਾਂ ਸੀ ਓ ਪੀ ਬੀ-95, ਸੀ ਓ ਪੀ ਬੀ-96, ਸੀ ਓ-15023 ਅਤੇ ਸੀ ਓ ਪੀ ਬੀ-98 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਮੱਕੀ ਦੀਆਂ ਕਿਸਮਾਂ ਪੀ ਐੱਮ ਐੱਚ-13 ਅਤੇ ਬਾਸਮਤੀ ਦੀ ਕਿਸਮ ਪੰਜਾਬ ਬਾਸਮਤੀ-7 ਦੇ ਨਾਲ-ਨਾਲ ਸਾਉਣੀ ਰੁੱਤ ਦੀ ਮੂੰਗੀ ਦੀ ਕਿਸਮ ਐੱਮ ਐੱਲ-1808 ਵੀ ਕਾਸ਼ਤ ਲਈ ਸਿਫਾਰਸ਼ ਕੀਤੀਆਂ ਜਾਂਦੀਆਂ ਹਨ। ਡਾ. ਬੈਂਸ ਨੇ ਕੰਢੀ ਖੇਤਰ ਵਿੱਚ ਬਾਗਬਾਨੀ ਅਤੇ ਹੋਰ ਫਸਲਾਂ ਲਈ ਉਤਪਾਦਨ ਤਕਨੀਕਾਂ ਦਾ ਵੀ ਜ਼ਿਕਰ ਕੀਤਾ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਮਾਹਿਰਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਸਤੰਬਰ ਵਿੱਚ ਵਰਚੁਅਲ ਕਿਸਾਨ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ । ਉਸ ਮੇਲੇ ਵਿੱਚ ਢਾਈ ਲੱਖ ਤੋਂ ਵੱਧ ਕਿਸਾਨਾਂ ਨੇ ਆਨਲਾਈਨ ਜੁੜ ਕੇ ਕੋਵਿਡ ਦੌਰਾਨ ਵੀ ਯੂਨੀਵਰਸਿਟੀ ਮਾਹਿਰਾਂ ਦੀਆਂ ਗੱਲਾਂ ਸੁਣੀਆਂ ਅਤੇ ਆਪਣੀਆਂ ਗੱਲਾਂ ਕੀਤੀਆਂ ਸਨ । ਉਹਨਾਂ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਤੋਂ ਸਿੱਖਣ ਦਾ ਮੌਕਾ ਹੁੰਦੇ ਹਨ। ਡਾ. ਮਾਹਲ ਨੇ ਆਸ ਪ੍ਰਗਟਾਈ ਕਿ ਇਹਨਾਂ ਮੇਲਿਆਂ ਦੇ ਮਾਧਿਅਮ ਰਾਹੀਂ ਸਾਉਣੀ ਦੀਆਂ ਫ਼ਸਲਾਂ ਲਈ ਢੁੱਕਵੀਂ ਜਾਣਕਾਰੀ ਦੂਰ-ਦੁਰਾਡੇ ਪਹੁੰਚ ਸਕੇਗੀ।

ਬੱਲੋਵਾਲ ਸੌਂਖੜੀ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਕੇਂਦਰ ਬਾਰੇ ਗੱਲ ਕਰਦਿਆਂ ਧੰਨਵਾਦ ਦੇ ਸ਼ਬਦ ਕਹੇ । ਸਮੁੱਚੇ ਸੈਸ਼ਨ ਦੀ ਕਾਰਵਾਈ ਅਪਰ ਨਿਰੇਦਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਚਲਾਈ।

Share This Article
Leave a Comment