-ਅਵਤਾਰ ਸਿੰਘ
ਪੰਜਾਬੀ ਨਾਟਕ ਨੂੰ ਜਨਮ ਦੇਣ ਵਾਲੀ ਜਿਸ ਨੂੰ ਪੰਜਾਬੀ ਨਾਟਕ ਦੀ ਨਕੜ ਦਾਦੀ ਵੀ ਕਿਹਾ ਜਾਂਦਾ 1911 ਤੋਂ 1971 ਤੱਕ 60 ਵਰ੍ਹੇ ਪੰਜ ਦਰਿਆਵਾਂ ਦੀ ਧਰਤੀ ’ਤੇ ਵਸਣ ਵਾਲੀ, ਛੋਟੀ ਉਮਰ ਵਿੱਚ ਹੀ ਕਾਮਯਾਬੀ ਨਾਲ ਸਟੇਜ ਨਾਟਕਾਂ ਵਿੱਚ ਅਦਾਕਾਰੀ ਦਿਖਾਉਣ ਵਾਲੀ, ਪੰਜਾਬੀ ਸਭਿਆਚਾਰ ਨੂੰ ਪਿਆਰਨ ਸਤਿਕਾਰਨ ਵਾਲੀ ਨੌਰਾ ਰਿਚਰਡਸਨ ਦਾ ਜਨਮ ਆਇਰਲੈਂਡ ਵਿੱਚ 29 ਅਕਤੂਬਰ 1876 ਨੂੰ ਹੋਇਆ।
ਉਨ੍ਹਾਂ ਨੇ ਬੈਲਜੀਅਮ ਦੀ ਯੂਨੀਵਰਸਿਟੀ ਅਤੇ ਸਿਡਨੀ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ ਅਤੇ 1911 ਵਿੱਚ ਪੰਜਾਬ ਆ ਗਈ। ਇਥੇ ਇਸ ਨੇ ਸਟੇਜ ਨਾਟਕਾਂ ਦਾ ਆਗਾਜ਼ ਕੀਤਾ ਅਤੇ ਇਸ ਦੇ ਹੀ ਸ਼ਗਿਰਦ ਈਸ਼ਵਰ ਚੰਦਰ ਨੰਦਾ ਨੇ ਪਹਿਲਾ ਪੰਜਾਬੀ ਨਾਟਕ “ਦੁਲਹਨ” ਜਿਸ ਦਾ ਨਾਂ “ਸੁਭੱਦਰਾ” ਵੀ ਸੀ 1914 ਵਿੱਚ ਲਿਖਿਆ। ਉਸ ਦੀ ਸਟੇਜ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਯੂਨੀਟਾਰੀਅਨ ਕ੍ਰਿਸ਼ਚੀਅਨ ਅੰਗਰੇਜ਼ੀ ਦੇ ਅਧਿਆਪਕ ਫਿਲਿਪ ਅਰਨਿਸਟ ਰਿਚਰਡ ਨਾਲ ਵਿਆਹ ਉਪਰੰਤ ਉਹ ਨੌਰਾ ਰਿਚਰਡ ਅਖਵਾਉਂਣ ਲੱਗੀ। ਜਦ ਫਿਲਿਪ ਰਿਚਰਡ ਨੇ ਅੰਗਰੇਜ਼ੀ ਸਾਹਿਤ ਦੇ ਟੀਚਰ ਵਜੋਂ ਲਾਹੌਰ ਦੇ ਦਿਆਲ ਸਿੰਘ ਕਾਲਜ ਵਿੱਚ ਨੌਕਰੀ ਕਰਨਾ ਪ੍ਰਵਾਨ ਕਰ ਲਿਆ ਤਾਂ ਨੌਰਾ ਰਿਚਰਡ ਵੀ 1908 ਵਿੱਚ ਉਹਨਾਂ ਦੇ ਨਾਲ ਹੀ ਭਾਰਤ ਆ ਗਈ।
ਉਸ ਸਮੇਂ ਲਾਹੌਰ ਸਾਹਿਤਕ ਕੇਂਦਰ ਵਜੋਂ ਮਕਬੂਲ ਸੀ। ਉਥੇ ਨੌਰਾ ਕਾਲਜ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲੱਗੀ। ਉੱਥੇ ਹੋਮ ਰੂਲ ਅੰਦੋਲਨ ਸਮੇਂ ਵੀ ਉਹ ਡਾਕਟਰ ਐਨੀ ਬੇਸੈਂਟ ਦੇ ਨਾਲ ਰਹੀ। ਪਰ ਨੌਰਾ ਨੂੰ ਉਦੋਂ ਮੁਸ਼ਕਲਾਂ ਨੇ ਆ ਘੇਰ ਲਿਆ ਜਦ ਉਹਦੇ ਪਤੀ ਦਾ 1920 ਵਿੱਚ ਦੇਹਾਂਤ ਹੋ ਗਿਆ।
ਦੁਖੀ ਮਨ ਨਾਲ ਨੌਰਾ ਵਾਪਸ ਇੰਗਲੈਂਡ ਚਲੇ ਗਈ। ਉੱਥੇ ਭਾਰਤੀਆਂ ਬਾਰੇ ਬੁਰਾ ਪ੍ਰਚਾਰ ਸੁਣ ਕੇ, ਜਦ ਵਿਰੋਧ ਕੀਤਾ ਤਾਂ ਸਜ਼ਾ ਵੀ ਭੁਗਤਣੀ ਪਈ। ਇੱਕ ਵਾਰ ਫਿਰ 1924 ਵਿੱਚ ਉਹ ਭਾਰਤ ਆ ਗਈ ਅਤੇ ਕਾਂਗੜਾ ਘਾਟੀ ਵਿੱਚ ਪੇਂਡੂ ਮਾਹੌਲ ਵਰਗਾ ਅੰਦਰੇਟਾ ਵਿਖੇ ਘਰ ਬਣਾ ਲਿਆ, ਜਿਸ ਨੂੰ “ਚਮੇਲੀ ਨਿਵਾਸ” ਕਿਹਾ ਜਾਣ ਲੱਗਿਆ।
ਫੁੱਲਾਂ ਬੂਟਿਆਂ ਵਾਲੀ ਇਹ ਜਗ੍ਹਾ ਉਹਨੂੰ ਪਸੰਦ ਆਈ ਅਤੇ ਵੁੱਡਲੈਂਡ ਇਸਟੇਟ ਵੀ ਕਿਹਾ ਜਾਂਦਾ ਰਿਹਾ। ਇਥੇ ਹੀ ਡਰਾਮਾ ਸਕੂਲ ਚਾਲੂ ਕਰਿਆ ਜਿਸ ਵਿੱਚ ਨਾਮਵਰ ਨਾਟਕਕਾਰ ਆਈ ਸੀ ਨੰਦਾ, ਬਲਵੰਤ ਗਾਰਗੀ, ਨਾਟਕਕਾਰ ਗੁਰਸ਼ਰਨ ਸਿੰਘ ਨੇ ਵੀ ਤਰਬੀਅਤ ਹਾਸਲ ਕੀਤੀ।
ਉਹ ਅੰਦਰੇਟਾ ਵਿੱਚ ਹਰ ਸਾਲ ਮਾਰਚ ਮਹੀਨੇ ਹਫ਼ਤੇ ਦਾ ਪ੍ਰੋਗਰਾਮ ਕਰਵਾਇਆ ਕਰਦੀ ਸੀ। ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਲੋਕ ਅਤੇ ਡਰਾਮਾ ਸਕੂਲ ਦੇ ਵਿਦਿਆਰਥੀ ਓਪਨ ਏਅਰ ਥੀਏਟਰ ਵਿੱਚ ਪਹੁੰਚ ਕੇ, ਉਹਦੇ ਨਾਟਕਾਂ ਦਾ ਹਿੱਸਾ ਬਣਨ ਦੇ ਨਾਲ ਨਾਲ ਸਟੇਜ ਪ੍ਰੋਗਰਾਮ ਦਾ ਅਨੰਦ ਵੀ ਮਾਣਿਆ ਕਰਦੇ ਸਨ।
ਇਸ ਪ੍ਰੋਗਰਾਮ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਵਰਗੇ ਕਲਾਕਾਰਾਂ ਦੀ ਹਾਜ਼ਰੀ ਵਿਸ਼ੇਸ਼ ਰਿਹਾ ਕਰਦੀ ਸੀ। ਅੰਦਰੇਟਾ ਦੀ ਮਸ਼ਹੂਰ ਹਸਤੀ ਭਾਦੇਸ਼ ਚੰਦਰ ਸਾਨਿਆਲ ਨੇ ਕਈ ਖੇਤਰਾਂ ਵਿੱਚ ਆਪਣਾ ਲੋਹਾ ਮਨਵਾਇਆ ਸੀ।
ਚਮੇਲੀ ਨਿਵਾਸ ਦੇ ਨੇੜੇ ਹੀ ਪ੍ਰੋਫੈਸਰ ਜੈ ਦਿਆਲ, ਪੇਂਟਰ ਸੋਭਾ ਸਿੰਘ ਅਤੇ ਫਰੀਦਾ ਬੇਦੀ ਨੇ ਵੀ ਨਿਵਾਸ ਕਰ ਲਿਆ ਸੀ। ਇਸ ਤਰ੍ਹਾਂ ਅੰਦਰੇਟਾ ਕਲਚਰਲ ਕੇਂਦਰ ਵਜੋਂ ਮਸ਼ਹੂਰ ਹੋਇਆ।
ਨੌਰਾ ਨੇ ਆਪਣਾ ਸਾਰਾ ਸਾਹਿਤਕ ਸਰਮਾਇਆ ਹਿਮਾਚਲ ਸਰਕਾਰ ਨੂੰ ਸੌਂਪਣ ਲਈ ਬੇਨਤੀ ਭੇਜੀ ਪਰ ਜਦ ਕੋਈ ਜਵਾਬ ਨਾ ਆਇਆ ਤਾਂ ਉਹਨੇ ਸਾਰੀਆਂ ਕੀਮਤੀ ਚੀਜ਼ਾਂ ਪੰਜਾਬੀ ਯੂਨੀਵਰਸਿਟੀ ਦੇ ਸਪੁਰਦ ਕਰ ਦਿੱਤੀਆਂ। ਅਖ਼ੀਰਲਾ ਸਮਾਂ ਨੌਕਰਾਂ ਸਹਾਰੇ ਬਿਤਾਉਂਦੀ ਨੌਰਾ ਰਿਚਰਡ 3 ਮਾਰਚ 1971 ਨੂੰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ।*