ਪ੍ਰੋ. ਨਿਰਮਲ ਜੌੜਾ ਦੀ ਕਿਤਾਬ ਰਿਲੀਜ਼ ਕੀਤੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਅੱਜ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਮਾਹਿਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਯੂਨੀਵਰਸਿਟੀ ਚੰਡੀਗੜ ਪ੍ਰੋ. ਨਿਰਮਲ ਜੌੜਾ ਦੀ ਕਿਤਾਬ ‘ਮੈਂ ਬਿਲਾਸਪੁਰੋਂ ਬੋਲਦਾਂ’ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਸਾਬਕਾ ਵਾਈਸ ਚਾਂਸਲਰ ਡਾ. ਕੇ. ਐੱਸ ਔਲਖ ਅਤੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਐੱਨ ਐੱਸ ਮੱਲੀ ਅਤੇ ਕਿਤਾਬ ਦੇ ਪ੍ਰਕਾਸ਼ਕ ਸ੍ਰੀ ਸਤੀਸ਼ ਗੁਲਾਟੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ।

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਜੌੜਾ ਦੀ ਲੇਖਣੀ ਨੂੰ ਧਰਤੀ ਨਾਲ ਜੁੜੇ ਇਨਸਾਨ ਦੇ ਵਲਵਲੇ ਕਿਹਾ। ਉਹਨਾਂ ਕਿਹਾ ਕਿ ਖੇਤੀ ਵਿਗਿਆਨੀ ਵਜੋਂ ਸਫ਼ਲ ਹੋਣ ਲਈ ਧਰਤੀ ਦਾ ਦਰਦ ਮਹਿਸੂਸ ਕਰਨਾ ਬੇਹੱਦ ਜ਼ਰੂਰੀ ਹੈ। ਪ੍ਰੋ. ਜੌੜਾ ਦੀਆਂ ਲਿਖਤਾਂ ਸਧਾਰਨ ਬੰਦੇ ਦੇ ਪੱਧਰ ਦੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਹਨ। ਉਹਨਾਂ ਪੀ.ਏ.ਯੂ. ਵੱਲੋਂ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਪੇਂਡੂ ਸਮਾਜ ਨਾਲ ਜੁੜੀਆਂ ਭਾਵਨਾਵਾਂ ਦੀ ਮਹਿਕ ਕਿਹਾ।

ਡਾ. ਔਲਖ ਨੇ ਨਿਰਮਲ ਜੌੜਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਸਾਹਿਤ ਸਿਰਜਣਾ ਉੱਪਰ ਤਸੱਲੀ ਪ੍ਰਗਟ ਕੀਤੀ । ਉਹਨਾਂ ਕਿਹਾ ਕਿ ਲੋਕਾਂ ਦੇ ਦਰਦ ਨੂੰ ਸਮਝ ਕੇ ਉਸਨੂੰ ਲਿਖਣ ਲਈ ਜੌੜਾ ਕੋਲ ਢੁੱਕਵੀਂ ਸੰਵੇਦਨਾ ਹੈ । ਡਾ. ਐੱਨ ਐੱਸ ਮੱਲੀ ਨੇ ਜੌੜਾ ਦੀ ਕਿਤਾਬ ਨੂੰ ਆਪਣੀ ਧਰਤੀ ਅਤੇ ਆਪਣੀ ਮਿੱਟੀ ਦੇ ਕਰਜ਼ ਨੂੰ ਮੋੜਨ ਵਾਲੀ ਰਚਨਾਕਾਰੀ ਕਿਹਾ । ਡਾ. ਸਰਜੀਤ ਸਿੰਘ ਗਿੱਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮਾਗਮ ਨੂੰ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸੰਚਾਲਿਤ ਕੀਤਾ। ਅੰਤ ਵਿੱਚ ਪ੍ਰੋ. ਜੌੜਾ ਨੇ ਸਭ ਦਾ ਧੰਨਵਾਦ ਕਰਦਿਆਂ ਪੀ.ਏ.ਯੂ. ਨਾਲ ਜੁੜੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ।

Share this Article
Leave a comment