ਮਖੂ/ਫਿਰੋਜਪੁਰ/ਚੰਡੀਗੜ: ਪੰਜਾਬ ਦੌਰੇ ਉੱਤੇ ਆਏ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਉਨ੍ਹਾਂ ਆੜਤੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਘਰ ਮੋਦੀ ਦੀ ਤਾਨਾਸ਼ਾਹ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕਰਵਾਈ ਗਈ ਸੀ। ਰਾਘਵ ਚੱਢਾ ਨੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੇ ਕਾਲੜਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਅਤੇ ਦੇਸ਼ ਦਾ ਕਿਸਾਨ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਠੰਢੀ ਸ਼ੀਤ ਲਹਿਰ ‘ਚ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ। ਉਸ ਸਮੇਂ ਪੰਜਾਬ ਦੇ ਆੜਤੀਆਂ ਨੇ ਆਪਣੇ ਨੰਹੁ-ਮਾਸ ਦੇ ਰਿਸ਼ਤੇ ਨੂੰ ਨਿਭਾਉਂਦਾ ਹੋਇਆ ਕਿਸਾਨਾਂ ਨਾਲ ਡੱਟਿਆ ਹੋਇਆ ਹੈ। ਅਜਿਹੇ ਸਮੇਂ ਕੇਂਦਰ ਦੀ ਮੋਦੀ ਸਰਕਾਰ ਅੜਾਤੀਆਂ ਨੂੰ ਡਰਾਉਣ ਧਮਕਾਉਣ ਲਈ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਆੜਤੀਏ, ਛੋਟੇ ਵਪਾਰੀ ਅਤੇ ਕਿਰਤੀਆਂ ਦਾ ਆਪਸੀ ਇਕ ਸਬੰਧ ਹੈ ਜੋ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ, ਇਕ ਦੂਜੇ ਦੇ ਸਹਿਯੋਗ ਨਾਲ ਇਨ੍ਹਾਂ ਸਭ ਦੇ ਕਾਰੋਬਾਰ ਚਲਦੇ ਹਨ।
ਚੱਢਾ ਨੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤਾਨੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ‘ਆਪ’ ਵੱਲੋਂ ਲੋਕ ਸੰਘਰਸ਼ ਦੀ ਹਰ ਪੱਧਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਆੜਤੀਆ ਐਸੋਸੀਏਸ਼ਨ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਆਪਣੇ ਫਰਜ਼ ਨੂੰ ਸਮਝਦੇ ਹੋਏ ਕਿਸਾਨਾਂ, ਕਿਰਤੀਆਂ ਦੇ ਹੱਕ ‘ਚ ਡੱਟਦੇ ਹੋਏ ਹੱਕ-ਸੱਚ ਦੀ ਲੜਾਈ ਦਾ ਸਾਥ ਦਿੱਤਾ।
ਪੰਜਾਬ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਨਹੀਂ, ਇਸ ਨਾਲ ਆੜਤੀਏ, ਛੋਟੇ ਵਪਾਰੀ, ਕਾਰੋਬਾਰੀ, ਮਜ਼ਦੂਰ ਉਤੇ ਵੀ ਮਾਰ ਪਵੇਗੀ। ਉਨ੍ਹਾਂ ਕਿ ਮੋਦੀ ਸਰਕਾਰ ਸਾਨੂੰ ਇਸ ਢੰਗ ਨਾਲ ਡਰਾ ਧਮਕਾਕੇ ਚੁੱਪ ਨਹੀਂ ਕਰਵਾ ਸਕਦੀ। ਆੜਤੀਆ ਐਸੋਸੀਏਸ਼ਨ ਉਦੋਂ ਤੱਕ ਇਸ ਅੰਦੋਲਨ ਦਾ ਹਿੱਸਾ ਬਣੀ ਰਹੇਗੀ ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ।