ਨਵਾਂ ਸ਼ਹਿਰ: ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਆੜ੍ਹਤੀਆਂ ‘ਤੇ ਕੇਂਦਰੀ ਏਜੰਸੀਆਂ ਵੱਲੋਂ ਵੱਡੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਬੀਤੇ ਦਿਨ ਪਟਿਆਲਾ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਮੀਤ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਸੀ ਤਾਂ ਅੱਜ ਨਵਾਂਸ਼ਹਿਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਹੋਟਲ, ਘਰ, ਦੁਕਾਨ ਉੱਪਰ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਸਵੇਰੇ ਤੜਕੇ ਨਵਾਂਸ਼ਹਿਰ ਵਿੱਚ ਰੇਡ ਸ਼ੁਰੂ ਕੀਤੀ ਗਈ। ਆਮਦਨ ਕਰ ਵਿਭਾਗ ਵੱਲੋਂ ਪਟਿਆਲਾ ਦੇ ਵੀ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ‘ਤੇ ਆੜ੍ਹਤੀਆਂ ਵਲੋਂ ਇਤਰਾਜ਼ ਜਤਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੋਕਤੰਤਰ ਦਾ ਗਲ ਘੁੱਟਣ ਦੇ ਬਰਾਬਰ ਕਿਹਾ ਜਾ ਸਕਦਾ ਹੈ। ਆੜ੍ਹਤੀਆਂ ਨੇ ਕਿਹਾ ਕਿ ਖੇਤੀ ਕਾਨੂੰਨ ਪੰਜਾਬ ਦੀ ਹੋਂਦ ਨੂੰ ਖ਼ਤਮ ਕਰ ਦੇਣਗੇ। ਇਸ ਕਰਕੇ ਆੜ੍ਹਤੀ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕਰਦੇ ਰਹਿਣਗੇ ਅਤੇ ਕੇਂਦਰ ਦੀ ਇਸ ਨਾਦਰਸ਼ਾਹੀ ਕਾਰਵਾਈ ਦਾ ਢੁਕਵਾਂ ਜਵਾਬ ਵੀ ਦਿੱਤਾ ਜਾਵੇਗਾ।