ਹੁਸ਼ਿਆਰਪੁਰ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਮਾਜ ਵਿੱਚ ਇਤਫਾਕ ਅਤੇ ਇਕਜੁੱਟਤਾ ਬਣਾ ਕੇ ਰੱਖਣ ਵਿੱਚ ਧਾਰਮਿਕ ਸੰਸਥਾਵਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਕਿਸੇ ਵੀ ਮੁਸੀਬਤ ਖਾਸ ਕਰ ਕੋਰੋਨਾ ਸੰਕਟ ਦੌਰਾਨ ਧਾਰਮਿਕ ਸੰਸਥਾਵਾਂ ਵਲੋਂ ਕੀਤੇ ਉਪਰਾਲੇ ਸ਼ਲਾਘਾਯੋਗ ਹਨ।
ਨੇੜਲੇ ਪਿੰਡ ਨੰਦਨ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਵੈਲਫੇਅਰ ਸੋਸਾਇਟੀ ਨੂੰ ਇਕ ਲੱਖ ਰੁਪਏ ਦਾ ਚੈਕ ਭੇਟ ਕਰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਲਾਈ ਕਾਰਜਾਂ ਲਈ ਧਾਰਮਿਕ ਸੰਸਥਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਦੇ ਕਾਰਜਾਂ ’ਚ ਡੱਟਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਵਲੋਂ ਮਾਲੀ ਮਦਦ ਵੀ ਦਿੱਤੀ ਜਾਵੇਗੀ ਤਾਂ ਜੋ ਮਨੁੱਖਤਾ ਦੀ ਸੇਵਾ ਵਾਲੇ ਕਾਰਜਾਂ ਵਿੱਚ ਕਿਸੇ ਕਿਸਮ ਦੀ ਖੜੋਤ ਨਾ ਆਵੇ। ਉਨ੍ਹਾਂ ਦੱਸਿਆ ਕਿ ਪਿੰਡ ਨੰਦਨ ਦੀ ਸੋਸਾਇਟੀ ਨੂੰ ਵਰਤਨ, ਦਰੀਆਂ ਅਤੇ ਫਰਨੀਚਰ ਖਰੀਦਣ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਚੈਕ ਦਿੱਤਾ ਗਿਆ ਹੈ ਅਤੇ ਜੇਕਰ ਭਵਿੱਖ ਵਿੱਚ ਵੀ ਮਾਇਕ ਮਦਦ ਦੀ ਲੋੜ ਪੈਂਦੀ ਹੈ ਤਾਂ ਪੰਜਾਬ ਸਰਕਾਰ ਬਣਦੀ ਸਹਾਇਤਾ ਕਰੇਗੀ। ਉਨ੍ਹਾਂ ਨੇ ਭਰੋਸਾ ਦੁਆਇਆ ਕਿ ਸਮਾਰਟ ਵਿਲੇਜ ਕੰਪੇਨ ਤਹਿਤ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਦਿਹਾਤੀ ਨੰਬਰਦਾਰ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਬਲਾਕ ਸੰਮਤੀ ਮੈਂਬਰ ਰਵਿੰਦਰ ਕੌਰ, ਦਰਸ਼ਨ ਰਾਮ, ਅਮਰ ਨਾਥ, ਅੰਬੂ, ਗੁਰਚਰਨ ਸਿੰਘ, ਰਾਮ ਪ੍ਰਕਾਸ਼, ਬਲਬੀਰ ਸਿੰਘ, ਆਤਮਾ ਸਿੰਘ, ਸੁਰਜੀਤ ਕੌਰ, ਮੋਹਨ ਲਾਲ, ਨੀਲਮ ਜਹਾਨਖੇਲਾਂ, ਨਵਨੀਤ ਕੌਰ, ਰਾਣੀ, ਸੂਬੇਦਾਰ ਸੁਖਦੇਵ ਸਿੰਘ ਅਤੇ ਚਰਨਜੀਤ ਚੰਨੀ ਆਦਿ ਹਾਜ਼ਰ ਸਨ।