ਚੰਡੀਗੜ੍ਹ: ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ‘ਤੇ ਡਟੀਆਂ ਭਾਰਤ ਭਰ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਬੰਦ ਦੀ ਮੁਕੰਮਲ ਕਾਮਯਾਬੀ ਲਈ 14 ਜ਼ਿਲ੍ਹਿਆਂ ਵਿੱਚ 53 ਥਾਂਈਂ ਸੜਕਾਂ ਅਤੇ 3 ਥਾਂਈਂ ਰੇਲਵੇ ਲਾਈਨਾਂ ‘ਤੇ ਰੋਹ ਭਰਪੂਰ ਧਰਨੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹਨਾਂ ਧਰਨਿਆਂ ਵਿੱਚ 13000 ਔਰਤਾਂ ਅਤੇ 15000 ਨੌਜਵਾਨਾਂ ਸਮੇਤ 50000 ਤੋਂ ਵੱਧ ਕਿਸਾਨਾਂ ਮਜਦੂਰਾਂ ਅਤੇ ਅਨੇਕਾਂ ਤਬਕਿਆਂ ਦੇ ਹਮਾਇਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
4 ਵਜੇ ਤੱਕ ਸ਼ਹਿਰੀ ਤੇ ਪੇਂਡੂ ਬਾਜ਼ਾਰਾਂ ਤੋਂ ਇਲਾਵਾ ਸੜਕਾਂ,ਰੇਲਵੇ ਸਟੇਸ਼ਨ,ਬੱਸਾਂ ਦੇ ਅੱਡੇ ਆਦਿ ਸੁੰਨਮਸਾਣ ਨਜ਼ਰ ਆ ਰਹੇ ਸਨ। ਸਿਰਫ਼ ਧਰਨਿਆਂ ਵਿੱਚ ਹੀ ਰੌਣਕਾਂ ਸਨ ਜਿੱਥੇ ਪੰਜੇ ਕਾਲੇ ਕਾਨੂੰਨ ਰੱਦ ਕਰੋ ਅਤੇ ਮੋਦੀ- ਭਾਜਪਾ-ਕਾਰਪੋਰੇਟ ਗੱਠਜੋੜ ਮੁਰਦਾਬਾਦ ਦੇ ਆਕਾਸ਼ ਗੁੰਜਾਊ ਨਾਹਰੇ ਲੱਗ ਰਹੇ ਸਨ। ਬੰਦ ਦੀ ਕਾਮਯਾਬੀ ਲਈ ਪਹਿਲਾਂ 20 ਸ਼ਹਿਰਾਂ ਤੇ ਸੈਂਕੜੇ ਪਿੰਡਾਂ ਵਿੱਚ ਝੰਡਾ ਮਾਰਚ ਜਾਂ ਸਪੀਕਰਾਂ ਰਾਹੀਂ ਅਨਾਊਂਸਮੈਂਟਾਂ ਵੀ ਕੀਤੀਆਂ ਗਈਆਂ ਸਨ।
ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ, ਰਾਜਵਿੰਦਰ ਰਾਮਨਗਰ,ਰਾਮ ਸਿੰਘ ਭੈਣੀਬਾਘਾ, ਚਮਕੌਰ ਸਿੰਘ ਨੈਣੇਵਾਲ,ਮਨਜੀਤ ਸਿੰਘ ਨਿਆਲ, ਗੁਰਮੀਤ ਸਿੰਘ ਕਿਸ਼ਨਪੁਰਾ, ਪੂਰਨ ਸਿੰਘ ਦੋਦਾ, ਸੁਖਮੰਦਰ ਸਿੰਘ ਵਜੀਦਪੁਰ, ਨੱਥਾ ਸਿੰਘ ਰੋੜੀਕਪੂਰਾ, ਸੁਦਾਗਰ ਸਿੰਘ ਘੁਡਾਣੀ, ਹਰਚਰਨ ਸਿੰਘ ਮਹੱਦੀਪੁਰਾ, ਲਖਵਿੰਦਰ ਸਿੰਘ ਮੰਜਿਆਂਵਾਲੀ, ਭਾਗ ਸਿੰਘ ਮਰਖਾਈ ਆਦਿ ਸ਼ਾਮਲ ਸਨ। ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੰਜੇ ਕਾਲੇ ਕਾਨੂੰਨ ਰੱਦ ਕਰਵਾਏ ਤੋਂ ਬਗੈਰ ਮੋਰਚੇ ਵਿੱਚ ਰੱਤੀ ਭਰ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਖੜ੍ਹਨ ਵਾਲੇ ਸਮੂਹ ਲੋਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਓਧਰ ਦਿੱਲੀ ਦੇ ਟਿਕਰੀ ਬਾਰਡਰ ਤੇ ਵੀ ਜਥੇਬੰਦੀ ਦੀ ਅਗਵਾਈ ਹੇਠ 25000 ਔਰਤਾਂ ਅਤੇ ਨੌਜਵਾਨਾਂ ਸਮੇਤ ਡੇਢ ਲੱਖ ਕਿਸਾਨ ਵੀ ਛੇ ਸੰਘਰਸ਼ੀ ਨਗਰਾਂ ਦੇ ਪੰਡਾਲਾਂ ਵਿੱਚ ਨਾਅਰੇ ਲਾਉਂਦੇ ਰਹੇ।