ਬਰੈਂਪਟਨ: ਕੈਨੇਡਾ ‘ਚ 55 ਸਾਲਾ ਪੰਜਾਬੀ ਟਰੱਕ ਡਰਾਈਵਰ ਖਿਲਾਫ ਜਾਨਲੇਵਾ ਹਾਦਸੇ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਯਾਰਕ ਰੀਜਨ ਦੇ ਕੌਂਅਨ ਸ਼ਹਿਰ ‘ਚ ਸਾਹਮਣੇ ਆਇਆ ਜਿਥੇ 6 ਨਵੰਬਰ ਨੂੰ ਇਕ ਟਰਾਂਸਪੋਰਟ ਟਰਕ ਦੀ ਟੱਕਰ ਕਾਰਨ ਪੈਦਲ ਜਾ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ।
ਯਾਰਕ ਰੀਜਨਲ ਪੁਲਿਸ ਨੇ ਇਸ ਮਾਮਲੇ ਵਿਚ ਬਰੈਂਪਟਨ ਦੇ 55 ਸਾਲਾ ਸੁੱਚਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜ਼ੈਨਵੇਅ ਬੁਲੇਵਾਰਡ ਅਤੇ ਨਿਊ ਹਟਿਗਟਨ ਰੋਡ ਦੇ ਇਟਰਸੈਕਸ਼ਨ ‘ਤੇ ਵਾਪਰੇ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਜਾਂਚਕਰਤਾਵਾਂ ਨੇ ਸੀਸੀਟੀਵੀ ਦੇ ਆਧਾਰ ‘ਤੇ ਟਰੱਕ ਦੀ ਪਛਾਣ ਕਰਦਿਆਂ ਟਰੱਕ ਜ਼ਬਤ ਕਰ ਲਿਆ ਜਦਕਿ ਡਰਾਈਵਰ ਨੇ 7 ਨਵੰਬਰ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰ ਦਿਤਾ। ਸੁੱਚਾ ਸਿੰਘ ਵਿਰੁੱਧ ਜਾਨਲੇਵਾ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਦਸੇ ਵਿਚ ਮਰਨ ਵਾਲਾ ਸ਼ਖਸ ਟੋਰਾਂਟੋ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।