ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਵਿਰਾਸਤੀ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਵਿਰਾਸਤ ਮਾਮਲਿਆਂ ਦੇ ਮੰਤਰੀ ਡੌਨ ਹਾਰਵਿਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਵੂਲਗੂਲਗਾ (Woolgoolga) ਵਿਖੇ ਸਥਿਤ ਗੁਰੂ ਘਰ ਸੂਬੇ ਦੇ ਸਭਿਆਚਾਰਕ ਇਤਿਹਾਸ ਦਾ ਮਹਤੱਵਪੂਰਨ ਹਿੱਸਾ ਹੈ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਵਸਦੇ ਸਿੱਖ ਭਾਈਚਾਰੇ ਲਈ ਇਹ ਇਕ ਵੱਡੀ ਪ੍ਰਾਪਤੀ ਹੈ। ਵੂਲਗੂਲਗਾ ਦੇ ਗੁਰੂ ਘਰ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਲਈ 2013 ਵਿਚ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦੇ ਇਤਿਹਾਸ ਦਾ ਅਧਿਐਨ ਕੀਤਾ ਗਿਆ।
ਗੁਰੂ ਘਰ ਦਾ ਇਤਿਹਾਸ ਦਸਦੇ ਹੋਏ ਅਮਨਦੀਪ ਸਿੱਧੂ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ 1940 ਅਤੇ 50 ਦੇ ਦਹਾਕੇ ਵਿਚ ਗੁਰੂ ਘਰ ਦੀ ਉਸਾਰੀ ਆਰੰਭੀ ਗਈ ਸੀ। ਉਸ ਵੇਲੇ ਜ਼ਿਆਦਾਤਰ ਪੰਜਾਬੀ ਕਿਸਾਨ ਦੇ ਰੂਪ ਵਿਚ ਆਸਟ੍ਰੇਲੀਆ ਆਏ ਸਨ ਅਤੇ ਹੌਲੀ ਹੌਲੀ ਗਿਣਤੀ ਵਧਦੀ ਗਈ। ਇਸ ਵੇਲੇ ਗੁਰਦਵਾਰਾ ਸਾਹਿਬ ਵਿਚ ਹਰ ਸਾਲ 3 ਹਜ਼ਾਰ ਤੋਂ ਵੱਧ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਨ੍ਹਾਂ ਵਿਚੋਂ ਸਥਾਨਕ ਲੋਕਾਂ ਦੀ ਗਿਣਤੀ ਭਾਵੇਂ ਜ਼ਿਆਦਾ ਨਹੀਂ ਪਰ ਆਸਟ੍ਰੇਲੀਆ ਭਰ ਤੋਂ ਸਿੱਖ ਭਾਈਚਾਰਾ ਸੀਸ ਨਿਵਾਉਣ ਅਤੇ ਆਪਣੀ ਵਿਰਾਸਤ ਨੂੰ ਦੇਖਣ ਇਥੇ ਆਉਂਦਾ ਹੈ।