ਚਾਰਜਸ਼ੀਟ ‘ਚ ਦੀਪ ਸਿੱਧੂ ਸਮੇਤ 16 ਲੋਕਾਂ ਦੇ ਨਾਂ
ਦਿੱਲੀ : 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੇ ਕੋਰਟ ‘ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ ਸਮੇਤ 16 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ ‘ਤੇ ਦਿੱਲੀ ਪੁਲਿਸ ਪੂਰੀ ਚਾਰਜਸ਼ੀਟ ਵੀ ਦਾਖਲ ਕਰੇਗੀ।
ਦੱਸ ਦੇਈਏ ਕਿ 26 ਜਨਵਰੀ ਦੇ ਦਿਨ ਕਿਸਾਨ ਅੰਦੋਲਨ ਦੀ ਲੜੀ ‘ਚ ਟਰੈਕਟਰ ਤੇ ਮੋਟਰਸਾਈਕਲ ‘ਤੇ ਸਵਾਰ ਕਰੀਬ 300 ਲੋਕਾਂ ਨੇ ਲਾਲ ਕਿਲ੍ਹਾ ਦੇ ਅੰਦਰ ਖਾਸਾ ਹੰਗਾਮਾ ਕੀਤਾ ਸੀ। ਦਰਅਸਲ, ਖੇਤੀ ਕਾਨੂੰਨਾਂ ਦੇ ਵਿਰੋਧ ‘ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ‘ਚ ਹਿੰਸਾ ਭੜਕ ਗਈ ਸੀ।
ਦੀਪ ਸਿੱਧੂ ਤੋਂ ਇਲਾਵਾ, ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਵਾਂਟੇਡ ਮਨਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ 26 ਜਨਵਰੀ ਨੂੰ ਹਿੰਸਾ ਭੜਕਾਉਣ ਤੇ ਦੋਵੇਂ ਹੱਥਾਂ ਤੋਂ ਤਲਵਾਰਾਂ ਲਹਿਰਾਉਂਦਾ ਦੇਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ‘ਚ 500 ਤੋਂ ਵੀ ਜ਼ਿਆਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ। ਦਿੱਲੀ ਪੁਲਿਸ ਨੇ 150 ਦੇ ਨੇੜੇ-ਤੇੜੇ ਗ੍ਰਿਫ਼ਤਾਰੀਆਂ ਵੀ ਕੀਤੀਆਂ ਤੇ 44 ਐੱਫਆਈਆਰ ਦਰਜ ਕੀਤੀਆਂ ਸਨ।