ਲੁਧਿਆਣਾ : ਪੀ.ਏ.ਯੂ. ਵਿੱਚ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ 24ਵਾਂ ਡਾ. ਐਮ ਐਸ ਰੰਧਾਵਾ ਯਾਦਗਾਰੀ ਫਲਾਵਰ ਸ਼ੋਅ ਅਤੇ ਫੁੱਲਾਂ ਦਾ ਮੁਕਾਬਲਾ ਕਰਵਾਇਆ ਗਿਆ । ਇਸ ਫਲਾਵਰ ਸ਼ੋਅ ਦਾ ਉਦਘਾਟਨ ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਡਾ. ਐਮ ਐਸ ਰੰਧਾਵਾ ਦੀ ਯਾਦ ਵਿੱਚ ਫੁੱਲ ਅਰਪਣ ਕਰਕੇ ਕੀਤਾ । ਇਸ ਮੌਕੇ ਡਾ. ਸਾਂਘਾ ਨੇ ਫੁੱਲਾਂ ਦੇ ਸੁਹਜਾਤਮਕ ਹੋਣ ਦੇ ਨਾਲ-ਨਾਲ ਅੱਜ ਦੇ ਦੌਰ ਵਿੱਚ ਫੁੱਲਾਂ ਦੀ ਖੇਤੀ ਦੇ ਵਪਾਰਕ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਬਦਲਦੇ ਦੌਰ ਵਿੱਚ ਜੋ ਨਵੀਆਂ ਵਿਧੀਆਂ ਸਾਡੇ ਖੇਤੀ ਵਿਹਾਰ ਦਾ ਹਿੱਸਾ ਬਣੀਆਂ ਹਨ ਉਹਨਾਂ ਵਿੱਚ ਸ਼ਹਿਰੀ ਖੇਤਰਾਂ ਦੇ ਆਸਪਾਸ ਫੁੱਲਾਂ ਦੀ ਖੇਤੀ ਨੂੰ ਇੱਕ ਸੰਭਾਵਨਾਂ ਵਜੋਂ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਮਨੁੱਖੀ ਹੋਂਦ ਵਿੱਚ ਫੁੱਲਾਂ ਦੀ ਰੰਗੀਨੀ ਅਤੇ ਸੁੰਦਰਤਾ ਬਾਰੇ ਭਾਵਪੂਰਤ ਗੱਲਾਂ ਕੀਤੀਆਂ।
ਵਿਭਾਗ ਦੇ ਮੁਖੀ ਡਾ. ਕਿਰਨਜੀਤ ਕੌਰ ਢੱਟ ਨੇ ਮੁਕਾਬਲੇ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਪ੍ਰਤਿਯੋਗੀਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਫੁੱਲ ਪ੍ਰੇਮੀਆਂ, ਸ਼ਹਿਰ ਦੇ ਕਾਲਜਾਂ ਅਤੇ ਸਕੂਲਾਂ, ਨਰਸਰੀਆਂ, ਸੰਸਥਾਵਾਂ ਅਤੇ ਨਿੱਜੀ ਫੁੱਲ ਉਤਪਾਦਕਾਂ ਵੱਲੋਂ ਇਸ ਸ਼ੋਅ ਲਈ ਦਿੱਤੇ ਹੁੰਗਾਰੇ ਉਪਰ ਤਸੱਲੀ ਪ੍ਰਗਟਾਈ। ਇਸ ਮੌਕੇ ਭਾਗ ਲੈਣ ਵਾਲਿਆਂ ਵੱਲੋਂ ਬੇਹੱਦ ਸੁੰਦਰ ਅਤੇ ਸੁਹਜਮਈ ਢੰਗ ਨਾਲ ਫੁੱਲਾਂ ਦੀ ਮਾਲਾਵਾਂ, ਗਜਰੇ, ਝੁਮਕੇ ਅਤੇ ਹੋਰ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਗਈਆਂ ਹਨ ਜਦਕਿ ਵਿਦਿਆਰਥੀਆਂ ਨੇ ਸੁੰਦਰ ਸਿਰਲੇਖਾਂ ਨਾਲ ਇਸ ਸ਼ੋਅ ਨੂੰ ਹੋਰ ਦਿਲਕਸ਼ ਬਣਾਇਆ ਹੈ ਡਾ. ਢੱਟ ਨੇ ਦੱਸਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਨ ਬਾਗਬਾਨੀ ਅਤੇ ਫੌਰੈਸਟਰੀ ਡਾ. ਐਮ ਆਈ ਐਸ ਗਿੱਲ, ਭਾਰਤੀ ਮੱਕਾ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਸੁਜੈ ਰਕਸ਼ਿਤ ਅਤੇ ਪੀ.ਏ.ਯੂ. ਦੇ ਡੀਨ ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਹੋਰ ਉਚ ਅਧਿਕਾਰੀ ਮੌਜੂਦ ਸਨ।