ਅੰਮ੍ਰਿਤਸਰ : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਰਫਿਊ ਦੌਰਾਨ ਆਮ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦੇ ਕਿਹਾ ਹੈ ਕਿ ਤੁਹਾਡਾ ਘਰਾਂ ਵਿਚ ਰਹਿਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਜ਼ਿਲ੍ਹਾ ਅਧਿਕਾਰੀ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇ ਰਹੇ। ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸਿਹਤ ਸੁਰੱਖਿਆ ਅਤੇ ਆਮ ਲੋੜਾਂ ਨੂੰ ਪੂਰਾ ਕਰਨ ਲਈ ਪੱਬਾਂ ਭਾਰ ਹੈ ਅਤੇ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਸ੍ਰੀ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਹਲਕੇ ਲਈ ਪੰਜਾਬ ਸਰਕਾਰ ਦੀ ਤਰਫੋਂ ਲੋੜਵੰਦ ਲੋਕਾਂ ਲਈ ਭੇਜੇ ਸੁੱਕੇ ਰਾਸ਼ਨ ਦੇ 5 ਟਰੱਕ ਰਵਾਨਾ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਅਤੇ ਰੋਜ਼ਾਨਾ ਫ਼ੀਲਡ ‘ਚ ਕੰਮ ਕਰ ਰਹੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ। ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਲੋੜਾਂ ਦੇ ਨਾਲ-ਨਾਲ ਹਸਪਤਾਲਾਂ ਵਿਚ ਸਾਜ਼ੋ-ਸਮਾਨ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈਆਂ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਦੋ ਮੀਟਰ ਦੀ ਦੂਰੀ ਬਣਾਈ ਰੱਖਣ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਵੱਡੇ ਪੱਧਰ ‘ਤੇ ਫੈਸਲੇ ਲਏ ਜਾ ਰਹੇ ਹਨ, ਜਿਵੇਂ ਕਿ ਸਿਹਤ ਵਿਭਾਗ ‘ਚ ਸੇਵਾਮੁਕਤੀ ਨੂੰ ਲੋਕ ਹਿੱਤ ਵਿਚ ਤਿੰਨ ਮਹੀਨੇ ਲਈ ਅੱਗੇ ਪਾ ਦਿੱਤਾ ਗਿਆ ਹੈ। ਜ਼ਰੂਰੀ ਵਸਤਾਂ ਦੀ ਘਰ ਤੱਕ ਸਪਲਾਈ ਲਈ ਸਰਕਾਰ ਵੱਲੋਂ ਮੋਬਾਇਲ ਅਧਾਰਿਤ ਐਪ ‘ਕੋਵਾ ਪੰਜਾਬ ਐਪ’ ਬਣਾਈ ਗਈ ਹੈ, ਜਿਸ ‘ਤੇ ਨੇੜਲੇ ਦੁਕਾਨਦਾਰਾਂ ਦੀ ਸੂਚੀ ਤੇ ਫ਼ੋਨ ਉਪਲਬਧ ਹਨ। ਇਸੇ ਐਪ ‘ਤੇ ਡਾਕਟਰਾਂ ਨਾਲ ਵੀ ਸੰਪਰਕ ਕਰਕੇ ਸਲਾਹ ਲਈ ਜਾ ਸਕਦੀ ਹੈ।ਇਸ ਮੌਕੇ ਉਨਾਂ ਨਾਲ ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਸਰਬਜੀਤ ਸਿੰਘ, ਸ੍ਰੀ ਸੁਰਿੰਦਰ ਸ਼ਿੰਦਾ, ਸ੍ਰੀ ਰਾਘਵ ਸੋਨੀ ਅਤੇ ਸ਼ਾਮ ਸੋਨੀ ਵੀ ਹਾਜ਼ਰ ਸਨ।