ਚੰਡੀਗੜ੍ਹ : ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ-ਮੋਰਚਾ ਲਾਈ ਬੈਠੇ ਅਤੇ 5 ਵਾਰ ਲਾਠੀਚਾਰਜ ਦੀ ਮਾਰ ਝੱਲ ਚੁੱਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ 13 ਫਰਵਰੀ ਨੂੰ ਦੁਪਹਿਰ 12 ਵਜੇ ਸਕੱਤਰੇਤ ਵਿਖੇ ਪੈੱਨਲ-ਮੀਟਿੰਗ ਦਾ ਸੱਦਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਜੇਕਰ ਸਿੱਖਿਆ ਮੰਤਰੀ ਨਾਲ ਮੀਟਿੰਗ ਵਿੱਚ ਮੰਗਾਂ ਪ੍ਰਤੀ ਕੋਈ ਹੱਲ ਨਹੀਂ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ, ਭਰਤੀ ਗ੍ਰਹਿ-ਜਿਲਿਆਂ ਅਨੁਸਾਰ ਕਰਨ, ਮਾਸਟਰ ਕਾਡਰ ਦੀ ਭਰਤੀ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਖ਼ਤਮ ਕਰਕੇ ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜੂਕੇਸ਼ਨ ਦੀਆਂ ਹਦਾਇਤਾਂ ਰਾਹੀਂ ਭਰਤੀ ਕੀਤੇ ਜਾਣ , ਨੌਕਰੀ ਉਡੀਕਦਿਆਂ ਆਪਣੀ ਉਮਰ-ਹੱਦ ਲੰਘਾ ਚੁੱਕੇ ਉਮੀਦਵਾਰਾਂ ਪ੍ਰਤੀ ਵਿਚਾਰ ਕਰਦਿਆਂ ਉਮਰ ਹੱਦ 42 ਸਾਲ ਕੀਤੇ ਜਾਣ ਅਤੇ 2 ਸਾਲ ਐਕਸ਼ਟੈਨਸ਼ਨ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਸੇਵਾਮੁਕਤ ਕਰਕੇ ਨਵੇਂ ਉਮੀਦਵਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੰਗ ਸ਼ਾਮਲ ਹੈ।