ਚੰਡੀਗੜ੍ਹ- ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਰਾਜ ਵਿੱਚ ਸਿਹਤ ਵਿਭਾਗ ਨੂੰ ਸੇਵਾਵਾਂ ਦੇ ਰਹੀਆਂ ਆਸ਼ਾ ਨੂੰ ਨਿਗੂਣਾ ਇਨਸੈਂਟਿਵ ਦੇਣ ਦਾ ਵਿਰੋਧ ਕੀਤਾ ਅਤੇ ਹੋਰ ਰਾਜਾਂ ਦੀ ਤਰਜ਼ ਤੇ ਆਸ਼ਾ ਨੂੰ ਫ਼ਿਕਸ ਵੇਤਨ ਦੇਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਆਸ਼ਾ ਸਾਲ 2008 ਤੋਂ ਹੋਂਦ ਵਿੱਚ ਆਈਆਂ ਹਨ, ਉਦੋਂ ਤੋਂ ਭਰੂਣ ਹੱਤਿਆ, ਮਾਵਾਂ ਅਤੇ ਨਵ ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ, ਬੱਚਿਆਂ ਦਾ ਸੌ ਫ਼ੀਸਦ ਟੀਕਾਕਰਨ, ਸਰਕਾਰੀ ਸੰਸਥਾਵਾਂ ਵਿੱਚ ਜਣੇਪੇ ਕਰਵਾਉਣ, ਔਰਤਾਂ ਨੂੰ ਜਾਗਰੂਕ ਕਰਨਾ ਆਦਿ ਵਿਚ ਆਸ਼ਾ ਵੱਡਾ ਯੋਗਦਾਨ ਪਾ ਰਹੀਆਂ ਹਨ। ਪਰੰਤੂ ਸੂਬੇ ਦੀਆਂ 19 ਹਜ਼ਾਰ ਤੋਂ ਵੱਧ ਆਸ਼ਾ ਨੂੰ ਸਰਕਾਰ ਵੱਲੋਂ ਸਿਹਤ ਸਹੂਲਤਾਂ ਘਰ ਘਰ ਸਹੂਲਤਾਂ ਪਹੁੰਚਾਉਣ ਤੋਂ ਬਾਅਦ ਵੀ ਸਿਰਫ਼ ਨਿਗੂਣਾ ਇਨਸੈਂਟਿਵ ਦਿਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਸ਼ਾ ਨੂੰ ਹਰਿਆਣਾ, ਦਿੱਲੀ, ਰਾਜਸਥਾਨ ਆਦਿ ਰਾਜਾਂ ਦੀ ਤਰਜ਼ ਤੇ ਪਲਸ ਇਨਸੈਂਟਿਵ ਭੱਤਾ ਫ਼ਿਕਸ ਕੀਤਾ ਜਾਵੇ ਜਾਂ ਡੀਸੀ ਰੇਟ ਮੁਤਾਬਕ ਫ਼ਿਕਸ ਵੇਤਨ ਦਿੱਤਾ ਜਾਵੇ।
ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਮੰਗ ਕਰਦੇ ਕਿਹਾ ਕਿ ਆਸ਼ਾ ਨੂੰ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕਰਕੇ ਲਾਭ ਦਿੱਤਾ ਜਾਵੇ ਅਤੇ ਗਰਭਵਤੀ ਔਰਤਾਂ ਨਾਲ ਰਾਤ ਸਮੇਂ ਰੁੱਕਣ ਲਈ ਆਸ਼ਾ ਨੂੰ ਲੇਬਰ ਰੂਮ ਦੇ ਨੇੜੇ ਰਾਤ ਰੁੱਕਣ ਲਈ ਇੱਕ ਕਮਰੇ ਦਾ ਪ੍ਰਬੰਧ ਕੀਤਾ ਜਾਵੇ। ਜਿਸ ਬਾਰੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਸ਼ਾ ਨੂੰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਮੰਨਦੇ ਹੋਏ ਮੰਗਾਂ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਆਸ਼ਾ ਵਰਕਰਾਂ ਨੇ ਸਿਹਤ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਜਿਸ ਸਦਕਾ ਪਿੰਡ ਪੱਧਰ ਤੇ ਸਿਹਤ ਸਹੂਲਤਾਂ ਪਹੁੰਚ ਸਕੀਆਂ ਹਨ। ਜਿਸ ਨੂੰ ਵੇਖਦੇ ਹੋਏ ਕਈ ਰਾਜਾਂ ਨੇ ਫ਼ਿਕਸ ਵੇਤਨ ਅਤੇ ਇਨਸੈਂਟਿਵ ਦੇਣਾ ਸ਼ੁਰੂ ਕਰ ਦਿੱਤਾ ਹੈ। ਲੇਕਿਨ ਪੰਜਾਬ ਸਰਕਾਰ ਮਿਹਨਤੀ ਆਸ਼ਾ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜਿਸ ਕਾਰਨ ਸੂਬੇ ਦੀਆ ਆਸ਼ਾ ਮਾਯੂਸ ਹਨ। ਉਹਨਾਂ ਕਿਹਾ ਲਗਭਗ 53 ਸੇਵਾਵਾਂ ਬਦਲੇ ਕਰੀਬ 3 ਹਜ਼ਾਰ ਰੁਪਏ ਕੰਮ ਦੇ ਅਧਾਰ ਤੇ ਮਿਹਨਤਾਨੇ ਵਜੋਂ ਮਿਲ ਰਹੇ ਹਨ। ਰੋਜ਼ਾਨਾ ਮਰੀਜਾਂ ਨੂੰ ਹਸਪਤਾਲਾਂ ਤੱਕ ਲੈ ਕੇ ਆਉਣ ਵਿੱਚ ਇਹ ਰਾਸ਼ੀ ਖ਼ਰਚ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਆਸ਼ਾ ਨੂੰ ਉਤਸ਼ਾਹਿਤ ਕਰਨ ਲਈ ਏ ਐਨ ਐਮ ਦੀ ਵਿੱਦਿਅਕ ਯੋਗਤਾ ਅਤੇ ਤਜ਼ਰਬਾ ਰੱਖਣ ਵਾਲੀ ਆਸ਼ਾ ਨੂੰ ਏ ਐਨ ਐਮ ਦੀ ਭਰਤੀ ਵਿੱਚ ਕੋਟਾ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਆਸ਼ਾ ਨੂੰ ਬ੍ਰਿਜ ਕੋਰਸ ਕਰਵਾ ਕੇ ਪ੍ਰਮੋਟ ਕੀਤਾ ਜਾਵੇ।
ਵਿਧਾਇਕਾ ਰੂਬੀ ਨੇ ਆਸ਼ਾ ਵਰਕਰਾਂ ਨੂੰ ਵੇਤਨ ਲਾਗੂ ਕਰਨ ਦੀ ਉਠਾਈ ਮੰਗ
Leave a Comment
Leave a Comment