ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਾਪਿਤ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਹਰ ਸਾਲ ਵਾਂਗ 14 ਫਰਵਰੀ ਨੂੰ ਪਿਆਰ ਅਤੇ ਸ਼ਾਂਤੀ ਦਾ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਨੇ ਨੌਜਵਾਨ ਲੇਖਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਦੇਸ਼, ਸਮਾਜ ਅਤੇ ਸੰਸਥਾ ਨੂੰ ਪਿਆਰ ਕਰਨ ਅਤੇ ਬਿਹਤਰ ਮਨੁੱਖੀ ਭਾਈਚਾਰਾ ਉਸਾਰਨ ਲਈ ਸੰਦੇਸ਼ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਡੱਟ ਕੇ ਮਿਹਨਤ ਕਰਨ ਅਤੇ ਪੀ.ਏ.ਯੂ. ਦਾ ਨਾਂ ਹੋਰ ਉਚੇਰਾ ਕਰਨ ਲਈ ਸਿਰਤੋੜ ਯਤਨ ਕਰਨ ਲਈ ਪ੍ਰੇਰਿਤ ਕਰਦਿਆਂ ਪਿਆਰ ਅਤੇ ਸ਼ਾਂਤੀ ਨੂੰ ਮਨੁੱਖ ਦੇ ਸਦਾਚਾਰੀ ਗੁਣ ਕਿਹਾ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਵਿੰਦਰ ਕੌਰ ਕੋਚਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਪਿਆਰ ਨੂੰ ਸਮਾਜ ਦਾ ਚਾਲਕ ਤੱਤ ਕਿਹਾ । ਇਸ ਮੌਕੇ ਵਿਦਿਆਰਥੀਆਂ ਨੇ ਗੀਤਾਂ, ਕਵਿਤਾਵਾਂ, ਵੱਖ-ਵੱਖ ਖੇਡਾਂ ਨਾਲ ਮੰਨੋਰੰਜਨ ਕੀਤਾ।
ਵਿਦਿਆਰਥੀਆਂ ਨੂੰ ਦੇਸ਼ ਭਗਤੀ ਨਾਲ ਸੰਬੰਧਤ ਇੱਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਜੇਤੂ ਰਹਿਣ ਵਾਲੇ ਲੇਖਕਾਂ ਨੂੰ ਮੁਹੱਬਤੀ ਨਿਸ਼ਾਨੀ ਵਜੋਂ ਪੌਦੇ ਵੰਡੇ ਗਏ। 100 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ।