ਚੰਡੀਗੜ੍ਹ, (ਅਵਤਾਰ ਸਿੰਘ); ”ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਸਹਿਣਸ਼ੀਲਤਾ ਦਾ ਸੁਨੇਹਾ ਅਸਾਮ ਤੇ ਬੰਗਾਲ ਦੇ ਮੱਤਭੇਦ ਖ਼ਤਮ ਕਰਵਾ ਕੇ ਦਿੱਤਾ। ਮਨੁੱਖੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਅਤੇ ਇਹਨਾਂ ‘ਤੇ ਪਹਿਰਾ ਦੇਣ ਲਈ ਮਨੁੱਖ ਨੂੰ ਪ੍ਰੇਰਿਆ ਹੈ। ਡਾ: ਸਵਾਰਜ ਸਿੰਘ ਨੇ ਫਰੈਂਚ ਲੇਖਕ ਅਤੇ ਚਿੰਤਕ ਵੋਲਟੇਅਰ ਦੇ ਕਥਨ ਦੀ ਉਦਾਹਰਣ ਦਿੱਤੀ, “ਜੋ ਵੀ ਤੁਸੀਂ ਕਹਿ ਰਹੇ ਹੋ ਮੈਂ ਇਸ ਨਾਲ ਸਹਿਮਤ ਹੋਵਾਂ ਜਾਂ ਨਾ ਪਰ ਮੈਂ ਫਿਰ ਵੀ ਤੁਹਾਨੂੰ ਉਹ ਕਹਿਣ ਦੀ ਆਗਿਆ ਦਿੰਦਾ ਹਾਂ।” ਇਹ ਭਾਵਨਾ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤੀ ਹੈ। ਇਸ ਲਈ ਉਹਨਾ ਨੇ ਮਾਨਵਤਾ ਲਈ ਆਪਣਾ ਬਲੀਦਾਨ ਦਿੱਤਾ। ਇਹ ਉਦਾਹਰਣ ਸਾਰੇ ਸੰਸਾਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ ਪਰ ਗੁਰੂ ਤੇਗ ਬਹਾਦਰ ਜੀ ਨੇ ਉਸੇ ਜੰਜੂ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮਨੁੱਖ ਕੁਦਰਤੀ ਭਿੰਨਤਾ ਨੂੰ ਖ਼ਤਮ ਕਰਕੇ ਇਕਸਾਰਤਾ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕੁਦਰਤ ਤੋਂ ਦੂਰ ਹੋ ਜਾਂਦਾ ਹੈ। ਇਹੀ ਗੱਲ ਉਸਦੇ ਦੁੱਖਾਂ-ਕਸ਼ਟਾਂ ਦਾ ਕਾਰਨ ਬਣਦੀ ਹੈ। ਮੁਗਲਾਂ ਵੇਲੇ ਵੀ ਇਹੀ ਵਰਤਾਰਾ ਹੋਇਆ ਕਿ ਉਹਨਾ ਨੇ ਸਭ ਨੂੰ ਆਪਣੇ ਵਰਗੇ ਬਣਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਧਰਮ ਨੂੰ ਸ਼੍ਰੇਸ਼ਟ ਦੱਸਿਆ-ਬਾਕੀ ਸਭਿਆਚਾਰਾਂ ਨੂੰ ਆਪਣੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ । ਗੁਰੂ ਸਾਹਿਬ ਨੇ ਇਸ ਨੂੰ ਕੁਦਰਤ ਦੇ ਖਿਲਾਫ਼ ਦੱਸਿਆ। ਅਜੋਕੇ ਸਮੇਂ ਵੀ ਵਿਸ਼ਵੀਕਰਣ ਦੇ ਨਾਮ ਤੇ ਭਿੰਨਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਪਭੋਗਤਾ ਸਭਿਆਚਾਰ ਲਿਆਂਦਾ ਜਾ ਰਿਹਾ ਹੈ, ਜਿਹੜਾ ਕਿ ਕੁਦਰਤੀ ਮਾਡਲ ਦੇ ਖ਼ਿਲਾਫ਼ ਹੈ। ਪਰ ਮਾੜੀ ਗੱਲ ਇਹ ਹੈ ਕਿ ਇਸਦਾ ਵਿਰੋਧ ਕਰਨ ਦੀ ਬਜਾਏ ਲੋਕ ਆਪ ਇਸ ਨੂੰ ਆਪਣਾ ਰਹੇ ਹਨ। ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਦੁਨੀਆ ਦੇ ਸਾਰੇ ਲੋਕ ਆਪਣੀ ਵਿਰਾਸਤ ਛੱਡ ਕੇ ਗੈਰ-ਕੁਦਰਤੀ ਵਿਧਾਨ ਵਲ ਉਲਾਰ ਹੋ ਰਹੇ ਹਨ। ਅਜੋਕੇ ਸਮੇਂ ਵਿੱਚ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਨੁੱਖ ਕਦੇ ਵੀ ਕੁਦਰਤ ਨਾਲ ਟੱਕਰ ਨਹੀਂ ਲੈ ਸਕਦਾ-ਹਮੇਸ਼ਾ ਮਾਤ ਖਾਏਗਾ। ਜੇਕਰ ਉਹ ਕੁਦਰਤ ਦੇ ਖਿਲਾਫ਼ ਜਾ ਕੇ ਟੱਕਰ ਲਵੇਗਾ ਤਾਂ ਉਸ ਦਾ ਵਿਨਾਸ਼ ਨਿਸ਼ਚਿਤ ਹੈ। ਡਾ. ਸਵਰਾਜ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਆਪਣੇ ਮਨ ਨੂੰ ਸਥਿਰ ਕਰਨ ਦੀ ਸਿੱਖਿਆ ਦਿੰਦੀ ਹੈ। ਗੁਰੂ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਕਿ ‘ ਖਵਾਇਸ਼ਾਂ ‘ ਅਤੇ ‘ਲੋੜਾਂ’ ਵਿਚ ਕੀ ਫ਼ਰਕ ਹੈ? ਖਵਾਇਸ਼ਾਂ ਗੈਰ ਕੁਦਰਤੀ ਹਨ ਜਦੋਂ ਕਿ ਲੋੜਾਂ ਕੁਦਰਤੀ ਹਨ। ਇਸੇ ਤਰ੍ਹਾਂ ਉਹਨਾ ਦੱਸਿਆ ਹੈ ਕਿ ਮੋਹ ਤੇ ਪ੍ਰੇਮ ਵਿਚ ਬਹੁਤ ਫ਼ਰਕ ਹੈ। ਮੋਹ ਵਿਚ ਸਵਾਰਥ ਆ ਜਾਂਦਾ ਹੈ ਜਦੋਂ ਕਿ ਪ੍ਰੇਮ ਵਿੱਚ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ। ਸਾਡੀ ਹੋਂਦ ਦਾ ਤੱਤ ਤਿਆਗ ਹੈ, ਪ੍ਰੇਮ ਹੈ। ਅੱਜ ਦੇ ਮਨੁੱਖ ਨੂੰ ਮੋਹ ਨੇ ਸਵਾਰਥੀ ਬਣਾ ਦਿੱਤਾ ਹੈ। ਸਾਡੀ ਹੋਂਦ ਸਾਡੇ ਤੱਕ ਹੀ ਸੀਮਤ ਨਹੀਂ ਹੈ। ਇਹ ਸਮੁੱਚਤਾ ਦਾ ਇੱਕ ਹਿੱਸਾ ਹੈ। ਸਰੀਰ ਤੇ ਮਨ ਤੱਕ ਹੀ ਸੀਮਤ ਹੋਣ ਦੀ ਬਜਾਏ ਚੇਤਨਤਾ ਤੱਕ ਜੀਊਣਾ ਸਿੱਖਣਾ ਮਨੁੱਖ ਦਾ ਫ਼ਰਜ਼ ਹੈ। ਮਨੁੱਖ ਦੀਆ ਤਿੰਨ ਮੁੱਖ ਸਮੱਸਿਆਵਾਂ ਹਨ: ਭੈਅ, ਚਿੰਤਾ ਅਤੇ ਅਸੁੱਰਖਿਅਤਾ। ਇਹਨਾਂ ਤਿੰਨਾਂ ਦਾ ਹੱਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮਿਲਦਾ ਹੈ।’ ਇਹ ਵਿਚਾਰ ਡਾ: ਸਵਰਾਜ ਸਿੰਘ ਨੇ ਮੁੱਖ ਬੁਲਾਰੇ ਵਜੋਂ ‘ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ’ ਫਗਵਾੜਾ ਵਲੋਂ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸਮੇਂ ਵਿੱਚ ਸਾਰਥਕਤਾ’ ਵਿਸ਼ੇ ‘ਤੇ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਵੈੱਬੀਨਾਰ ਵਿੱਚ ਪ੍ਰਗਟ ਕੀਤੇ।
ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਖਿਆ ਸ਼ਬਦ ਨਾਲ ਜੁੜ ਕੇ ਚੇਤਨਾ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਕੇਹਰ ਸ਼ਰੀਫ ਨੇ ਕਿਹਾ ਕਿ ਮਨੁੱਖ ਨੂੰ ਕੁਦਰਤ ਨਾਲ ਜੁੜਨਾ ਚਾਹੀਦਾ ਹੈ। ਰਵਿੰਦਰ ਚੋਟ ਅਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਗੁਰੂ ਜੀ ਦੇ ਸੰਦੇਸ਼ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ। ਚਰਨਜੀਤ ਸਿੰਘ ਗੁਮਟਾਲਾ ਅਤੇ ਦਰਸ਼ਨ ਸਿੰਘ ਰਿਆੜ ਨੇ ਆਖਿਆ ਕਿ ਕੁਦਰਤ ਤੋਂ ਦੂਰ ਹੋ ਕੇ ਮਨੁੱਖ ਨੇ ਬਹੁਤ ਕਸ਼ਟ ਉਠਾਏ ਹਨ। ਸਾਨੂੰ ਕੁਦਰਤ ਨਾਲ ਜੁੜਨ ਲਈ ਗੁਰੂ ਜੀ ਦੀ ਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ। ਅੰਤ ਵਿਚ ਪਰਵਿੰਦਰਜੀਤ ਸਿੰਘ ਨੇ ਸਾਰੇ ਲੇਖਕਾਂ, ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਵੈੱਬੀਨਾਰ ਵਿੱਚ ਹੋਰਾਂ ਤੋਂ ਇਲਾਵਾਂ ਸਾਬਕਾ ਡੀਪੀਆਰਓ ਗਿਆਨ ਸਿੰਘ, ਲੇਖਕ ਰਵਿੰਦਰ ਸਹਿਰਾਅ, ਲੇਖਕ ਸੁਖਦੇਵ ਸਿੰਘ ਗੰਢਵਾਂ, ਗ਼ਜ਼ਲਗੋ ਬਲਦੇਵ ਰਾਜ ਕੋਮਲ, ਮਲਕੀਤ ਸਿੰਘ ਅੱਪਰਾ, ਪੂਜਾ, ਮਾਸਟਰ ਮਨਦੀਪ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।