ਬਦਲਾਅ ਦੇ ਨਾਲ ਜਲਦ ਜਾਰੀ ਹੋਣਗੇ 200-500 ਰੁਪਏ ਦੇ ਨਵੇਂ ਨੋਟ

TeamGlobalPunjab
2 Min Read

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ 200 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸੀ। ਹੁਣ ਇੱਕ ਵਾਰ ਫਿਰ 200 ਅਤੇ 500 ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਆਰ.ਬੀ.ਆਈ ਮੁਤਾਬਕ ਇਨ੍ਹਾਂ ਨੋਟਾਂ ‘ਚ ਕੁਝ ਬਦਲਾਅ ਕੀਤੇ ਜਾ ਰਹੇ ਹਨ।

ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ ਬੀ ਆਈ) ਮੁਤਾਬਕ ਨਵੇਂ ਨੋਟਾਂ ਨੂੰ ਮਹਾਤਮਾ ਗਾਂਧੀ ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਰਿਹਾ ਹੈ। ਨਵੇਂ ਨੋਟਾਂ ‘ਤੇ ਆਰ ਬੀ ਆਈ ਦੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਹੋਣਗੇ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਪਹਿਲਾਂ ਤੋਂ ਜਾਰੀ 200 ਰੁਪਏ ਅਤੇ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਦੇ 500 ਰੁਪਏ ਦੇ ਮੌਜੂਦਾ ਸਾਰੇ ਨੋਟ ਵੀ ਚਲਦੇ ਰਹਿਣਗੇ। ਇਨ੍ਹਾਂ ਦੇ ਡਿਜ਼ਾਈਨ ਮਹਾਤਮਾ ਗਾਂਧੀ ਨਵੀਂ ਸੀਰੀਜ਼ ‘ਚ ਜਾਰੀ ਨੋਟਾਂ ਵਰਗੇ ਹੀ ਹੋਣਗੇ।

ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨੋਟ ਨਵੇਂ ਬਦਲਾਅ ਦੇ ਨਾਲ ਜਾਰੀ ਕੀਤੇ ਸਨ। ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖ਼ਤ ਵਾਲੇ 100 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ। ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਜਾਰੀ ਕੀਤੇ ਗਏ 100 ਰੁਪਏ ਦੇ ਸਾਰੇ ਬੈਂਕ ਨੋਟਾਂ ਦੀ ਵੈਧਤਾ ਬਣੀ ਰਹੇਗੀ।

ਦਸੰਬਰ 2018 ‘ਚ ਉਰਜਿਤ ਪਟੇਲ ਦੇ ਅਚਾਨਕ ਅਸਤੀਫ਼ਾ ਦੇਣ ਦੇ ਬਾਅਦ ਸ਼ਕਤੀਕਾਂਤ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਨੇ ਅਹੁਦਾ ਸੰਭਾਲਿਆ ਸੀ। ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਨੋਟਬੰਦੀ ਦਾ ਫ਼ੈਸਲਾ ਲਿਆ ਗਿਆ। ਨੋਟਬੰਦੀ ਦੇ ਬਾਅਦ ਰਿਜ਼ਰਵ ਬੈਂਕ ਵਲੋਂ 2000, 500, 200, 100, 50 ਅਤੇ 10 ਦੇ ਨਵੇਂ ਨੋਟ ਜਾਰੀ ਕੀਤੇ ਸਨ। ਨੋਟਬੰਦੀ ‘ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਅਰਥ-ਵਿਵਸਥਾ ‘ਚ ਬਾਹਰ ਕਰ ਦਿਤਾ ਸੀ।

Share This Article
Leave a Comment