ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਬੀਤੇ ਦਿਨੀਂ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਦੀਆਂ ਨਵੀਨ ਵਿਧੀਆਂ ਬਾਰੇ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਕੋਰਸ ਵਿੱਚ 14 ਖੇਤੀ ਅਤੇ ਬਾਗਬਾਨੀ ਅਧਿਕਾਰੀਆਂ ਨੇ ਹਿੱਸਾ ਲਿਆ ਜੋ ਪੀ.ਏ.ਯੂ. ਅਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਨਾਲ ਸੰਬੰਧਤ ਸਨ । ਡਾ. ਰਿਆੜ ਨੇ ਫੁੱਲਾਂ ਦੀ ਖੇਤੀ ਦੇ ਵਪਾਰਕ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਨੂੰ ਰਵਾਇਤੀ ਖੇਤੀ ਦਾ ਬੇਹੱਦ ਮੁਨਾਫ਼ੇ ਵਾਲਾ ਬਦਲ ਕਿਹਾ । ਉਹਨਾਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਦੇ ਮਹੱਤਵ ਬਾਰੇ ਵੀ ਗੱਲ ਕੀਤੀ । ਕੋਰਸ ਦੇ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਵਿਸਥਾਰ ਨਾਲ ਇਸ ਕੋਰਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਅਤੇ ਮਹਿਕਦਾਰ ਰੱਖਣ ਲਈ ਲੈਂਡਸਕੇਪਿੰਗ ਅਤੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਫਲੌਰੀਕਲਚਰ ਦੇ ਮਾਹਿਰ ਡਾ. ਰਣਜੀਤ ਸਿੰਘ ਨੇ ਫੁੱਲਾਂ ਦੀ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਘਰਾਂ ਦੀ ਅੰਦਰੂਨੀ ਅਤੇ ਬਾਹਰੀ ਸਜਾਵਟ ਤੋਂ ਬਿਨਾਂ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਦੀ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ-ਨਾਲ ਉਹਨਾਂ ਨੇ ਮੈਰੀਗੋਲਡ ਦੀ ਖੇਤੀ ਕਰਕੇ ਆਮਦਨ ਵਧਾਉਣ ਦੇ ਮੌਕਿਆਂ ਬਾਰੇ ਵੀ ਗੱਲ ਕੀਤੀ । ਵਿਭਾਗ ਦੇ ਮੁਖੀ ਡਾ. ਕੇ ਕੇ ਢੱਟ ਨੇ ਗਲੈਡੀਓਲਸ ਦੀ ਪੰਜਾਬ ਵਿੱਚ ਖੇਤੀ ਬਾਰੇ ਗੱਲ ਕੀਤੀ। ਡਾ. ਮਧੂ ਬਾਲਾ ਨੇ ਲੈਂਡਸਕੇਪਿੰਗ ਬਾਰੇ ਵਿਸ਼ੇਸ਼ ਗੱਲਬਾਤ ਕਰਦਿਆਂ ਸਜਾਵਟੀ ਰੁੱਖਾਂ, ਝਾੜੀਆਂ, ਵੇਲਾਂ, ਘਾਹ, ਗਮਲਿਆਂ ਆਦਿ ਦੀ ਜਾਣਕਾਰੀ ਦਿੱਤੀ। ਅੰਤ ਵਿੱਚ ਡਾ. ਕਿਰਨ ਗਰੋਵਰ ਨੇ ਸਭ ਦਾ ਧੰਨਵਾਦ ਕੀਤਾ।