ਲੰਬੀ: ਹਲਕਾ ਲੰਬੀ ਦੇ ਪਿੰਡ ਦੇਹੜਕਾ ਦੇ ਰਹਿਣ ਵਾਲਾ ਨੌਜਵਾਨ ਆਪਣੀ ਪ੍ਰੇਮਿਕਾ ਦੇ ਭਰਾਵਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਜਾਨ ਗਵਾ ਬੈਠਾ।ਦਰਅਸਲ ਪਿੰਡ ਦੇਹੜਕਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਫੇਸਬੁੱਕ ‘ਤੇ ਹਲਕਾ ਲੰਬੀ ਦੇ ਪਿੰਡ ਬਲੂਚਕੇਰਾ ਦੀ ਇੱਕ ਕੁੜੀ ਦੇ ਨਾਲ ਦੋਸਤੀ ਹੋ ਗਈ ਸੀ । ਜਿਸ ਨੂੰ ਮਿਲਣ ਦੇ ਲਈ ਉਹ ਸ਼ਨਿੱਚਰਵਾਰ ਨੂੰ ਉਸ ਕੁੜੀ ਦੇ ਘਰ ਗਿਆ ਤਾਂ ਉਸ ਕੁੜੀ ਦੇ ਚਚੇਰੇ ਭਰਾਵਾਂ ਨੇ ਗੁਰਪ੍ਰੀਤ ਨੂੰ ਕਾਬੂ ਕਰ ਕੇ ਕੁੱਟ ਕੁੱਟ ਕੇ ਅਧਮਰਾ ਕਰ ਦਿੱਤਾ ਤੇ ਉਸ ਨੂੰ ਮਰਨ ਦੇ ਲਈ ਸੜਕ ‘ਤੇ ਸੁੱਟ ਦਿੱਤਾ।
ਜਿਸ ਤੋਂ ਬਾਅਦ ਗੁਰਪ੍ਰੀਤ ਦਾ ਦੋਸਤ ਕੁਲਵੰਤ ਸਿੰਘ ਜੋ ਉਸਦੇ ਨਾਲ ਗਿਆ ਸੀ ਉਸਨੇ ਮਲੋਟ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਜਿਸ ਤੋਂ ਬਾਅਦ ਡਾਕਟਰਾਂ ਨੇ ਇਸਦੀ ਨਾਜੁਕ ਹਾਲਤ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਪਰ ਗੁਰਪ੍ਰੀਤ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ।
ਉੱਧਰ ਪੁਲਿਸ ਨੇ ਇਸ ਮਾਮਲੇ ‘ਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਦੋਸਤ ਕੁਲਵੰਤ ਸਿੰਘ ਦੇ ਬਿਆਨਾ ਦੇ ਅਧਾਰ ‘ਤੇ ਕੁੱਟਮਾਰ ਕਰਨ ਵਾਲੇ ਕੁੜੀ ਦੇ ੩ ਚਚੇਰੇ ਭਰਾਵਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਦਕਿ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ।
ਤੁਹਾਨੂੰ ਦੱਸ ਦਈਏ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ 2 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਪਰਤਿਆ ਸੀ, ਫਿਲਹਾਲ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।