ਲੁਧਿਆਣਾ :ਪੀ.ਏ.ਯੂ. ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਪੀ.ਏ.ਯੂ. ਵਿਖੇ ਸਥਾਪਿਤ ‘ਫਰੈਂਚ ਲਿਟਰੇਚਰ’ ਕਲੱਬ ਦੇ ਸਹਿਯੋਗ ਨਾਲ ਅੱਜ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦਾ ਸਿਰਲੇਖ ‘ਫਰੈਂਚ ਸਾਹਿਤ ਦੇ ਜ਼ਰੀਏ ਭਾਸ਼ਾ ਦਾ ਅਧਿਆਪਨ’ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਰੈਂਚ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਸੇਸਿਲਾ ਐਟੋਨੀ ਇਸ ਭਾਸ਼ਣ ਵਿੱਚ ਵਿਸ਼ੇਸ਼ ਵਕਤਾ ਵਜੋਂ ਸ਼ਾਮਿਲ ਹੋਏ। ਡਾ. ਸੇਸਿਲਾ ਨੇ ਦੱਸਿਆ ਕਿ ਸਾਹਿਤ ਕਿਵੇਂ ਇੱਕ ਵਿਦੇਸ਼ੀ ਭਾਸ਼ਾ ਦੇ ਅਧਿਆਪਨ ਦਾ ਮਹੱਤਵਪੂਰਨ ਤਰੀਕਾ ਹੋ ਸਕਦਾ ਹੈ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਅਧਿਆਪਨ ਦੇ ਵੱਖ-ਵੱਖ ਪੱਖਾਂ ਨੂੰ ਛੋਹਿਆ ਜਿਵੇਂ ਸਿੱਖਣ ਵਿਧੀ, ਵਿਆਕਰਣ, ਲੇਖਣੀ ਦੀ ਮੁਹਾਰਤ ਅਤੇ ਵਿਹਾਰਕ ਮੁਹਾਰਤ ਆਦਿ ਪ੍ਰਮੁੱਖ ਹਨ। ਡਾ. ਸੇਸਿਲਾ ਨੇ ਇਸ ਮਿੱਥ ਨੂੰ ਨਿਰਮੂਲ ਕਿਹਾ ਕਿ ਕਿਸੇ ਵਿਦੇਸ਼ੀ ਭਾਸ਼ਾ ਦੀ ਸਿਖਲਾਈ ਦੌਰਾਨ ਸਾਹਿਤ ਨੂੰ ਮੁੱਢਲੇ ਰੂਪ ਵਿੱਚ ਜਾਣੂੰ ਨਹੀਂ ਕਰਵਾਇਆ ਜਾਣਾ ਚਾਹੀਦਾ। ਉਹਨਾਂ ਨੇ 20ਵੀਂ ਸਦੀ ਦੇ ਫਰਾਂਸੀਸੀ ਕਵੀ ਜੈਕ ਪ੍ਰੇਵੇ ਦੀ ਇੱਕ ਸਾਦਾ ਕਵਿਤਾ ਦੀ ਮਿਸਾਲ ਦੇ ਕੇ ਵਿਦਿਆਰਥੀਆਂ ਨਾਲ ਆਪਣੇ ਨੁਕਤੇ ਸਾਂਝੇ ਕੀਤੇ।
ਭਾਸ਼ਣ ਤੋਂ ਬਾਅਦ ਵਿਦਿਆਰਥੀਆਂ ਨੇ ਡਾ. ਸੇਸਿਲਾ ਨਾਲ ਮਹੱਤਵਪੂਰਨ ਮੁੱਦਿਆਂ ਉਪਰ ਗੱਲਾਂ ਕੀਤੀਆਂ ।
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਇਸ ਭਾਸ਼ਣ ਦੀ ਪ੍ਰਧਾਨਗੀ ਲਈ ਮੌਜੂਦ ਸਨ। ਉਹਨਾਂ ਨੇ ਫਰੈਂਚ ਵਰਗੀਆਂ ਵਿਦੇਸ਼ੀ ਭਸ਼ਾਵਾਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ਤੇ ਇਸ ਨੂੰ ਵਿਦਿਆਰਥੀਆਂ ਦੇ ਕੈਰੀਅਰ ਨਾਲ ਜੋੜ ਕੇ ਦੇਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ, ਗਡਵਾਸੂ ਦੇ ਸੀਨੀਅਰ ਪ੍ਰੋ. ਡਾ. ਸੀ ਕੇ ਸਿੰਘ, ਡਾ. ਆਸ਼ੂ ਤੂਰ, ਡਾ. ਜਗਮੋਹਨ ਸਿੰਘ ਬੈਂਸ, ਡਾ. ਕੇ ਐਸ ਗਰੇਵਾਲ, ਡਾ. ਨਰਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਧੰਨਵਾਦ ਦੇ ਸ਼ਬਦ ਫਰੈਂਚ ਭਾਸ਼ਾ ਦੇ ਸਹਾਇਕ ਪ੍ਰੋਫੈਸਰ ਮਿਸ ਹਰਪ੍ਰੀਤ ਕੌਰ ਬੈਂਸ ਨੇ ਕਹੇ।
ਪੀ.ਏ.ਯੂ. ਵਿੱਚ ਫਰੈਂਚ ਭਾਸ਼ਾ ਦੀਆਂ ਅਧਿਆਪਨ ਵਿਧੀਆਂ ਬਾਰੇ ਵਿਸ਼ੇਸ਼ ਭਾਸ਼ਣ
Leave a Comment
Leave a Comment