ਲੁਧਿਆਣਾ : ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਨੂੰ ਖੇਤੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਕਾਰੀ ਸਮਝੀ ਜਾਂਦੀ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਇਹ ਫੈਲੋਸ਼ਿਪ ਪੀ ਐਚ ਡੀ ਦੇ ਖੋਜ ਕਾਰਜ ਲਈ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐਸ ਈ ਆਰ ਵੀ) ਵੱਲੋਂ ਦਿੱਤੀ ਜਾਂਦੀ ਹੈ ਜੋ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਅਦਾਰਾ ਹੈ।
ਇਸ ਦੇ ਨਾਲ ਹੀ ਇਸ ਫੈਲੋਸ਼ਿਪ ਨੂੰ ਕਨਫਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਅਤੇ ਉਸਦੇ ਪ੍ਰਾਈਵੇਟ ਸਹਿਯੋਗੀ ਏ ਪੀ ਆਰਗੈਨਿਕ ਲਿਮਿਟਡ (ਧੂਰੀ, ਪੰਜਾਬ) ਵੱਲੋਂ 4 ਸਾਲ ਲਈ ਇਸ ਫੈਲੋਸ਼ਿਪ ਨੂੰ ਸਹਿਯੋਗ ਮਿਲਦਾ ਹੈ।
ਰਾਜਵੀਰ ਸਿੰਘ ਆਪਣੇ ਪੀ ਐਚ ਡੀ ਖੋਜ ਕਾਰਜ ਦੌਰਾਨ ਰਾਈਸ ਬਰੇਨ ਆਇਲ ਦੇ ਮਿਆਰ ਵਿੱਚ ਵਾਧੇ ਦੇ ਖੇਤਰ ਵਿੱਚ ਕੰਮ ਕਰਨਗੇ। ਉਹਨਾਂ ਦੀ ਖੋਜ ਨਾਲ ਰਾਈਸ ਬਰੇਨ ਆਇਲ ਦੀ ਪੌਸ਼ਟਿਕ ਗੁਣਵਤਾ ਤਾਂ ਵਧੇਗੀ ਹੀ ਨਾਲ ਹੀ ਕਿਸਾਨਾਂ ਅਤੇ ਚੌਲ ਮਿਲ ਮਾਲਕਾਂ ਨੂੰ ਵੀ ਵਿਸ਼ਾਲ ਮੰਡੀ ਮੁਹੱਈਆ ਹੋ ਸਕੇਗੀ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਇੱਕ ਸਿਹਤਮੰਦ ਭੋਜਨ ਉਤਪਾਦ ਮਿਲ ਸਕੇਗਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਰਾਜਵੀਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।