ਪੀਏਯੂ ਦੇ ਕਿਸਾਨ ਮੇਲੇ ਹੋਏ ਮੁਲਤਵੀ

TeamGlobalPunjab
2 Min Read

ਲੁਧਿਆਣਾ: ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸਾਉਣੀ ਦੇ ਸਾਰੇ ਕਿਸਾਨ ਮੇਲੇ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਕਿਸਾਨ ਮੇਲਿਆਂ ਦੀ ਇਸ ਲੜੀ ਵਿੱਚ 12 ਮਾਰਚ ਨੂੰ ਇਹ ਮੇਲੇ ਗੁਰਦਾਸਪੁਰ ਅਤੇ ਫਰੀਦਕੋਟ , 17 ਮਾਰਚ ਨੂੰ ਰੌਣੀ ਪਟਿਆਲ਼ਾ , 20-21 ਮਾਰਚ ਨੂੰ ਲੁਧਿਆਣਾ ਅਤੇ 25 ਮਾਰਚ ਨੂੰ ਬਠਿੰਡੇ ਲੱਗਣੇ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹ ਫੈਸਲਾ ਅੱਜ ਇੱਥੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਲਿਆ ਗਿਆ ਜਿਸ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇੱਥੇ ਪੀਏਯੂ ਦੇ ਰਜਿਸਟਰਾਰ , ਨਿਰਦੇਸ਼ਕ ਖੋਜ ਅਤੇ ਹੋਰ ਡੀਨ ਡਾਇਰੈਕਟਰ ਸਾਹਿਬਾਨ ਦੇ ਨਾਲ ਚੀਫ਼-ਮੈਡੀਕਲ ਅਫਸਰ ਡਾ ਡੀ ਐੱਸ ਪੂਨੀ ਵੀ ਹਾਜ਼ਰ ਸਨ।
ਡਾ ਮਾਹਲ ਨੇ ਕਿਹਾ ਕਿ ਸਾਡਾ ਸਮਾਜਿਕ ਫਰਜ਼ ਬਣਦਾ ਹੈ ਕਿ ਅਜਿਹੀ ਨਾਜ਼ੁਕ ਸਥਿਤੀ ਵਿੱਚ ਅਸੀਂ ਕੌਮੀ ਸਿਹਤ ਮਿਸ਼ਨ, ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰੀਏ। ਉਨਾਂ ਸਪੱਸ਼ਟ ਕੀਤਾ ਕਿ ਕਿਸਾਨ ਵੀਰਾਂ ਦੀਆਂ ਸਾਉਣੀ ਦੀ ਬੀਜਾਈ ਦੀਆ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ / ਖੇਤਰੀ ਖੋਜ ਕੇਂਦਰ ਦੇ ਬੀਜ ਸਟੋਰ ਉੱਪਰ ਬੀਜ , ਬਾਇਓ ਖਾਦਾਂ ਅਤੇ ਖੇਤੀ ਸਾਹਿਤ ਮਿਲਦੇ ਰਹਿਣਗੇ। ਪੀਏਯੂ ਦੇ ਗੇਟ ਨੰਬਰ ਇੱਕ ਉੱਪਰ ਬੀਜਾਂ ਅਤੇ ਖੇਤੀ ਸਾਹਿਤ ਦੀਆਂ ਦੁਕਾਨਾਂ ਹਫ਼ਤੇ ਦੇ ਸੱਤੇ ਦਿਨ ਖੁੱਲੀਆਂ ਰਹਿਣਗੀਆਂ। ਉਨਾਂ ਵਿਸ਼ਵਾਸ ਦਵਾਇਆ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Share This Article
Leave a Comment