ਨਿਊਯਾਰਕ : ਦੁਨੀਆ ਦੇ ਸਭ ਤੋਂ ਵੱਡੇ ਵਪਾਰਕ, ਆਰਥਿਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਨਿਊਯਾਰਕ ਸਿਟੀ 1 ਜੁਲਾਈ ਤੋਂ ਪੂਰੀ ਤਰ੍ਹਾਂ ਨਾਲ ਦੁਬਾਰਾ ਖੁੱਲੇਗਾ । ਇਸ ਬਾਰੇ ਐਲਾਨ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕੀਤਾ ।
ਮੇਅਰ ਬਲਾਸੀਓ ਅਨੁਸਾਰ, ‘ਅਸੀਂ ਦਫਤਰ, ਥੀਏਟਰ, ਸਟੋਰ ਅਤੇ ਕਾਰੋਬਾਰ ਆਦਿ ਖੋਲ੍ਹਣ ਲਈ ਪੂਰੀ ਤਾਕਤ ਨਾਲ ਤਿਆਰ ਹਾਂ । ਅਸੀਂ ਇਹਨਾਂ ਨੂੰ 100 ਫ਼ੀਸਦੀ ਖੋਲ੍ਹਾਂਗੇ ਮਤਲਬ ਮੁਕੰਮਲ ਤੌਰ ਤੇ ਖੋਲ੍ਹਾਂਗੇ।’
ਰੈਸਟੋਰੈਂਟ, ਜਿਮ, ਦੁਕਾਨਾਂ, ਹੇਅਰ ਸੈਲੂਨ ਅਤੇ ਅਖਾੜੇ ਪੂਰੀ ਸਮਰੱਥਾ ਨਾਲ ਖੁੱਲ੍ਹਣਗੇ । ਛੋਟੇ ਥੀਏਟਰ ਗਰਮੀਆਂ ਵਿੱਚ ਦੁਬਾਰਾ ਖੁੱਲ੍ਹ ਸਕਦੇ ਹਨ ਅਤੇ ਬ੍ਰੌਡਵੇ ਸਤੰਬਰ ਤੱਕ ਖੁੱਲ੍ਹਣ ਦੇ ਰਾਹ ਤੇ ਹੈ । ਪਤਝੜ ਵਿੱਚ ਸਕੂਲ “ਪੂਰੀ ਸਮਰੱਥਾ” ਨਾਲ ਵਾਪਸੀ ਕਰਣਗੇ , ਨਿਊਯਾਰਕ ਦੇ ਮੇਅਰ ਬਲਾਸੀਓ ਨੇ ਆਪਣੇ ਐਲਾਨ ਵਿੱਚ ਸਾਂਝਾ ਕੀਤਾ।
ਮੇਅਰ ਨੇ ਆਸ ਜਤਾਈ ਕਿ ਲੋਕ ਸਮਝਦਾਰੀ ਨਾਲ ਅਹਿਤਿਆਤ ਰੱਖਣਾ ਅਤੇ ਪਾਬੰਦੀਆਂ ਦੀ ਪਾਲਣਾ ਵੀ ਜਾਰੀ ਰੱਖਣਗੇ।
We set a goal to fully re-open NYC on July 1 AND we're launching Mental Health For All. Join me at City Hall. https://t.co/ouSmTdjtPR
— Mayor Eric Adams (@NYCMayor) April 29, 2021
ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਪੂਰੀ ਤਰ੍ਹਾਂ ਨਾਲ ਦੁਬਾਰਾ ਖੋਲ੍ਹਿਆ ਜਾਵੇਗਾ । ਬੀਤੇ ਸਾਲ ਅਮਰੀਕਾ ਵਿੱਚ ਮਹਾਂਮਾਰੀ ਦੇ ਮੁੱਢਲੇ ਦਿਨਾਂ ਦੌਰਾਨ ਇਹ ਸ਼ਹਿਰ ਇੱਕ ਤਰ੍ਹਾਂ ਨਾਲ ਲਾਗ ਦਾ ਕੇਂਦਰ ਬਣ ਗਿਆ ਸੀ। ਇੱਥੇ ਲਾਕਡਾਊਨ ਦੀ ਸ਼ੁਰੂਆਤ ਮਾਰਚ 2020 ਵਿੱਚ ਹੋਈ ਸੀ। ਪਰ ਹੁਣ ਇੱਥੇ ਵੈਕਸੀਨੇਸ਼ਨ ਵਿੱਚ ਆਈ ਤੇਜ਼ੀ ਅਤੇ ਹੋਰ ਚੁੱਕੇ ਗਏ ਅਹਿਤਿਆਤੀ ਕਦਮਾਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਭਰੋਸਾ ਹੈ ਕਿ ਅਗਲੇ ਦੋ ਮਹੀਨਿਆਂ ਦੌਰਾਨ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੋਵੇਗੀ। ਜਿਸ ਤੋਂ ਬਾਅਦ ਪਹਿਲੀ ਜੁਲਾਈ ਤੋਂ ਨਿਊਯਾਰਕ ਸਿਟੀ ਨੂੰ ਪੂਰੀ ਤਰਾਂ ਨਾਲ ਖੋਲ ਦਿੱਤਾ ਜਾਵੇਗਾ।