ਦੁਬਈ ‘ਚ ਰਸੋਈ ਗੈਸ ਲੀਕ ਦੀ ਮੁਰੰਮਤ ਦੌਰਾਨ ਹੋਏ ਧਮਾਕੇ ‘ਚ ਭਾਰਤੀ ਪ੍ਰਵਾਸੀ ਦੀ ਮੌਤ

TeamGlobalPunjab
2 Min Read

ਦੁਬਈ: ਇੱਥੋਂ ਦੇ ਇੱਕ ਅਪਾਰਟਮੈਂਟ ਦੀ ਇਮਾਰਤ ‘ਚ ਗੈਸ ਪਾਈਪ ਫਟਣ ਕਾਰਨ ਇਕ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਬਈ ਪੁਲਿਸ ਵੱਲੋਂ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ ਦੇ ਅਪਾਰਟਮੈਂਟ ਦੀ ਛੇਵੀਂ ਮੰਜ਼ਿਲ ‘ਤੇ ਧਮਾਕਾ ਸ਼ਨੀਵਾਰ ਨੂੰ ਉਸ ਵੇਲੇ ਹੋਇਆ ਜਦੋਂ ਇਕ ਮਕੈਨਿਕ ਗੈਸ ਲੀਕ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਰਸੋਈ ਗੈਸ ਲੀਕ ਹੋਣ ਕਾਰਨ ਹੋਏ ਇਸ ਧਮਾਕੇ ਦੇ ਚਲਦਿਆਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਵੀਐਸ ਵਜੋਂ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਸੀ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਧਮਾਕਾ ਸਾਡੇ ਘਰ ਨੇੜੇ ਹੋਇਆ। ਇਸ ਨੇ ਸਾਡੇ ਅਪਾਰਟਮੈਂਟ ਨੂੰ ਵੀ ਪ੍ਰਭਾਵਤ ਕੀਤਾ ਸਾਡੇ ਘਰ ਦੀ ਛੱਤ ਢਹਿ ਗਈ, ਮਲਬਾ ਚਾਰੇ ਪਾਸੇ ਫੈਲ ਗਿਆ। ਉਸ ਨੇ ਦੱਸਿਆ ਧਮਾਕੇ ਦੇ ਸਮੇਂ, ਮੈਂ ਆਪਣੀ ਛੋਟੀ ਧੀ ਨਾਲ ਬੈਠੀ ਸੀ ਤੇ ਮੇਰਾ ਪਤੀ ਵੱਡੀ ਧੀ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਆ ਰਿਹਾ ਸੀ ਕਿ ਧਮਾਕੇ ਨਾਲ ਉਨ੍ਹਾਂ ਦੇ ਉੱਪਰ ਇੱਕ ਵੱਡਾ ਦਰਵਾਜ਼ਾ ਡਿੱਗ ਗਿਆ ਉਨ੍ਹਾਂ ਧੀ ਦੀ ਲੱਤ ‘ਤੇ ਵੀ ਸੱਟ ਲੱਗੀ ਹੈ।

ਇਸ ਹਾਦਸੇ ਦੇ ਜਵਾਬ ‘ਚ ਦੁਬਈ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਪੀੜਤ ਪਰਿਵਾਰ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ। ਅਸੀਂ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਸਹਾਇਤਾ ਕਰਾਂਗੇ।

- Advertisement -

Share this Article
Leave a comment