ਡੀਸੀ ਨੇ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਹਸਪਤਾਲ ਲਿਜਾਣ ਦੀ ਵਟਸਐਪ ‘ਤੇ ਦਿੱਤੀ ਪ੍ਰਵਾਨਗੀ, ਲੜਕੇ ਨੇ ਲਿਆ ਜਨਮ

TeamGlobalPunjab
3 Min Read

ਫਿਰੋਜ਼ਪੁਰ: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਵੱਲੋਂ ਵਟਸਐਪ ‘ਤੇ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਕਰਫ਼ਿਊ ਦੌਰਾਨ ਬਠਿੰਡਾ ਲੈ ਕੇ ਜਾਣ ਲਈ ਜਾਰੀ ਕੀਤੀ ਪ੍ਰਵਾਨਗੀ, ਫਿਰੋਜ਼ਪੁਰ ਦੇ ਸਰਾਂ ਪਰਿਵਾਰ ਲਈ ਖ਼ੁਸ਼ੀ ਲੈ ਕੇ ਆਈ।

ਗਰਭਵਤੀ ਮਹਿਲਾ ਨੇ ਬੀਤੇ ਦਿਨੀਂ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਜੱਚਾ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਪਰਿਵਾਰ ਨੇ ਇਹ ਖ਼ੁਸ਼ੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨਾਲ ਸਾਂਝੀ ਕੀਤੀ ਅਤੇ ਨਵੇਂ ਜਨਮੇ ਬੱਚੇ ਦੀਆਂ ਤਸਵੀਰਾਂ ਵਟਸਐੱਪ ਤੇ ਭੇਜੀਆਂ ਤੇ ਨਾਲ ਹੀ ਧੰਨਵਾਦੀ ਮੈਸੇਜ ਕੀਤਾ।

ਡਿਪਟੀ ਕਮਿਸ਼ਨਰ ਨੇ ਜਵਾਬ ਵਿੱਚ ਬੱਚੇ ਲਈ ਆਪਣਾ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਭੇਜੀਆਂ। ਧਵਨ ਕਾਲੋਨੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਗਰਭਵਤੀ ਸੀ ਅਤੇ ਉਸ ਦਾ ਇਲਾਜ ਬਠਿੰਡਾ ਦੇ ਕਪਿਲਾ ਹਸਪਤਾਲ ਵਿੱਚ ਚੱਲ ਰਿਹਾ ਸੀ।  ਜਦੋਂ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ ਪਈ ਪਰ ਕਰਫ਼ਿਊ ਕਰਕੇ ਉਹ ਜਾ ਨਹੀਂ ਪਾ ਰਹੇ ਸਨ ਅਤੇ ਪਾਸ ਬਣਵਾਉਣ ਦਾ ਵੀ ਸਮਾਂ ਨਹੀਂ ਸੀ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਫ਼ੋਨ ਤੇ ਸਾਰੀ ਗੱਲ ਦੱਸੀ।

- Advertisement -

ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੜੇ ਹੈਰਾਨ ਹੋਏ ਜਦੋਂ ਕੁੱਝ ਸਮੇਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਵਟਸਐੱਪ ‘ਤੇ ਹੀ ਉਨ੍ਹਾਂ ਨੂੰ ਪਰਮਿਸ਼ਨ ਲੈਟਰ ਭੇਜਿਆ ਗਿਆ ਜੋ ਕਿ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਲੈਟਰ ਹੈੱਡ ਤੇ ਸੀ।

ਇਸ ਲੈਟਰ ਵਿੱਚ ਕੁਲਦੀਪ ਸਿੰਘ ਸਮੇਤ ਉਨ੍ਹਾਂ ਦੀ ਪਤਨੀ ਤੇ ਪਿਤਾ ਨੂੰ ਬਠਿੰਡਾ ਆਉਣ ਜਾਣ ਦੀ ਪਰਮਿਸ਼ਨ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਰਮਿਸ਼ਨ ਲੈਟਰ ਨੂੰ ਮਿਲਦਿਆਂ ਹੀ ਉਹ ਤੁਰੰਤ ਆਪਣੀ ਪਤਨੀ ਨੂੰ ਲੈ ਕੇ ਬਠਿੰਡਾ ਲਈ ਰਵਾਨਾ ਹੋਏ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ।  ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਤੇ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਲਈ ਉਹ ਡਿਪਟੀ ਕਮਿਸ਼ਨਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੂੰ ਪਰਮਿਸ਼ਨ ਲੈਟਰ ਜਾਰੀ ਕਰਵਾਇਆ।

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹੋ ਜਿਹੇ ਹਾਲਾਤਾਂ ਵਿੱਚ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਮੁਸ਼ਕਲ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੇ ਰਾਹਤ ਕੰਮਾਂ ਨੂੰ ਲੈ ਕੇ ਲੋਕਾਂ ਨੂੰ ਖੁੱਲ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ।

Share this Article
Leave a comment