ਚੰਡੀਗੜ੍ਹ, (ਅਵਤਾਰ ਸਿੰਘ): ਜ਼ਿਲਾ ਰੂਪਨਗਰ ਦੇ ਚਮਕੌਰ ਸਾਹਿਬ ਖੇਤਰ ਵਿੱਚ ਇਕ ਦਰਦਨਾਕ ਘਟਨਾ ਵਾਪਰ ਗਈ ਹੈ। ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਸਤਲੁਜ ਤੋਂ ਪਾਰ ਪਿੰਡ ਮਾਲੇਵਾਲ ਵਿੱਚ ਇਕ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਮੁਤਾਬਿਕ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ ਪੁੱਤਰ ਪ੍ਰਕਾਸ਼ ਜਿਸ ਦੀ ਉਮਰ 35 ਸਾਲ ਸੀ, ਦਾ ਨੇੜਲੇ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ (26) ਪੁੱਤਰ ਪਾਲ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਗਰਦਨ ‘ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਲਖਵੀਰ ਦਾਸ ਨੇ ਦੋ ਸਾਲ ਪਹਿਲਾ ਮੁਲਜ਼ਮ ਲਖਵੀਰ ਸਿੰਘ ਦੀ ਭੈਣ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ ਕਿਸੇ ਹੋਰ ਪਿੰਡ ਵਿੱਚ ਰਹਿੰਦਾ ਸੀ। ਮ੍ਰਿਤਕ ਜਦੋਂ ਅੱਜ ਪਿੰਡ ਮਾਲੇਵਾਲ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਆਇਆ ਹੋਇਆ ਸੀ ਤਾਂ ਘਰ ਵਿੱਚ ਕੁਰਸੀ ‘ਤੇ ਬੈਠੇ ਦਾ ਹੀ ਲਖਵੀਰ ਸਿੰਘ ਨੇ ਉਸ ਦੀ ਗਰਦਨ ਉਪਰ ਕਥਿਤ ਤੌਰ ‘ਤੇ ਕੁਹਾੜੀ ਮਾਰ ਕੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਕਤਲ ਕਰਕੇ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਤੇ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।