ਨਵੀਂ ਦਿੱਲੀ/ਚੰਡੀਗੜ੍ਹ :ਪੰਜਾਬ ‘ਚ ਸੱਤਾਧਾਰੀ ਕਾਂਗਰਸ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਸੀਨੀਅਰ ਕਾਂਗਰਸ ਆਗੂ ਅਤੇ ਨਾਭਾ ਤੋਂ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਰਮੇਸ਼ ਸਿੰਗਲਾ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਰਸਮੀ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਅਤੇ ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਹਰਚੰਦ ਸਿੰਘ ਬਰਸਟ, ਬੁਲਾਰੇ ਨਵਦੀਪ ਸਿੰਘ ਸੰਘਾ, ਹਰਮਹਿੰਦਰ ਸਿੰਘ ਧਰੋੜ ਅਤੇ ਸਟੇਟ ਮੀਡੀਆ ਹੈੱਡ ਅਤੇ ਕੋਰ ਕਮੇਟੀ ਮੈਂਬਰ ਮਨਜੀਤ ਸਿੰਘ ਸਿੱਧੂ ਮੌਜੂਦ ਸਨ।
ਮੀਡੀਆ ਦੀ ਹਾਜ਼ਰੀ ‘ਚ ਰਮੇਸ਼ ਸਿੰਗਲਾ ਦਾ ਸਵਾਗਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ‘ਚ ਕਈ ਦਹਾਕੇ ਤੋਂ ਉੱਚ ਅਹੁਦਿਆਂ ‘ਤੇ ਰਹਿੰਦੇ ਹੋਏ ਵੀ ਰਮੇਸ਼ ਸਿੰਗਲਾ ਨੇ ਆਪਣੇ ਦਾਮਨ ‘ਤੇ ਇੱਕ ਵੀ ਦਾਗ਼ ਨਹੀਂ ਲੱਗਣ ਦਿੱਤਾ ਅਤੇ ਸਾਫ਼-ਸੁਥਰੀ ਸਿਆਸਤ ਦੇ ਨਾਲ-ਨਾਲ ਸਮਾਜ ਸੇਵੀ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾਈ। ਮਾਨ ਨੇ ਕਾਂਗਰਸ ਪਾਰਟੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸ ਵਰਗੀ ਭ੍ਰਿਸ਼ਟਾਚਾਰ ਪਾਰਟੀ ‘ਚ ਰਹਿ ਕੇ ਵੀ ਬੇਦਾਗ਼ ਰਹਿਣਾ ਬਹੁਤ ਵੱਡੀ ਗੱਲ ਹੈ।
ਭਗਵੰਤ ਮਾਨ ਨੇ ਕਿਹਾ ਕਿ ਰਮੇਸ਼ ਸਿੰਗਲਾ ਨੇ ਹਮੇਸ਼ਾ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ। ਅੱਤਵਾਦ ਦੇ ਦੌਰ ‘ਚ ਰਮੇਸ਼ ਸਿੰਗਲਾ ਨੇ ਜਿਸ ਦਲੇਰੀ ਨਾਲ ਕਾਲੀ ਹਨੇਰੀ ਦਾ ਸਾਹਮਣਾ ਕੀਤਾ, ਨਾਭਾ-ਪਟਿਆਲਾ ਸਮੇਤ ਪੂਰੇ ਪੰਜਾਬ ‘ਚ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਰਮੇਸ਼ ਸਿੰਗਲਾ ਦੀ ‘ਆਪ’ ‘ਚ ਆਮਦ ਇਸ ਲਈ ਖ਼ਾਸ ਮਹੱਤਤਾ ਰੱਖਦੀ ਹੈ ਕਿ ਪੰਜਾਬ ‘ਚ ਕਾਂਗਰਸ ਦਾ ਰਾਜ ਹੈ ਅਤੇ ਰਮੇਸ਼ ਸਿੰਗਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਨਾਲ ਸੰਬੰਧਿਤ ਤਕੜਾ ਜਨ ਆਧਾਰ ਰੱਖਣ ਵਾਲੇ ਕੱਦਾਵਰ ਆਗੂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦੇ ਰਾਜ ‘ਚ ਜਿਸ ਤਰਾਂ ਪੰਜਾਬ ਦਾ ਹਰੇਕ ਵਰਗ ਤ੍ਰਾਹ-ਤ੍ਰਾਹ ਕਰ ਰਿਹਾ ਹੈ, ਉਸੇ ਤਰਾਂ ਸਾਫ਼ ਸੁਥਰੇ ਅਕਸ ਅਤੇ ਲੋਕਾਂ ਲਈ ਸੰਵੇਦਨਾ ਰੱਖਣ ਵਾਲੇ ਕਾਂਗਰਸੀ ਆਗੂ ਵੀ ਬੁਰੀ ਤਰਾਂ ਨਿਰਾਸ਼ ਹਨ। ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਮੇਸ਼ ਸਿੰਗਲਾ ਨੂੰ ਪਾਰਟੀ ‘ਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਯੋਗਦਾਨ ਲਿਆ ਜਾਵੇਗਾ।
ਇਸ ਮੌਕੇ ਰਮੇਸ਼ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਜਿੰਨਾ ਜ਼ਿਆਦਾ ਨਿਰਾਸ਼ ਕੀਤਾ ਹੈ, ਉਸ ਦੇ ਉਲਟ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਬੇਮਿਸਾਲ ਕੰਮ ਕਰ ਕੇ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਕਰ ਕੇ ਜਿੱਥੇ ਦਿੱਲੀ ਚੋਣਾਂ ‘ਚ ਲੋਕ ਪੰਜਾਬ ਸਮੇਤ ਦੇਸ਼ ਦੇ ਦੂਜੇ ਰਾਜਾਂ ‘ਚ ਕਾਂਗਰਸ ਦੀਆਂ ਸਰਕਾਰਾਂ ਦੀ ਨਖਿੱਧ ਕਾਰਗੁਜ਼ਾਰੀ ਅਤੇ ਵਾਅਦਾ ਖਿਲਾਫੀਆਂ ਦਾ ਹਿਸਾਬ ਮੰਗ ਕੇ ਕਾਂਗਰਸੀਆਂ ਨੂੰ ਮੂੰਹ ‘ਤੇ ਕੋਸ ਰਹੇ ਹਨ, ਉੱਥੇ ਕੇਜਰੀਵਾਲ ਦੇ ਹੱਕ ‘ਚ ਨਾਅਰੇ ਮਾਰ ਰਹੇ ਹਨ। ਸਿੰਗਲਾ ਨੇ ਕਿਹਾ ਕਿ ਉਹ ਕੇਜਰੀਵਾਲ ਸਰਕਾਰ ਅਤੇ ਭਗਵੰਤ ਮਾਨ ਦੀ ਸੰਸਦ ‘ਚ ਕਾਰਗੁਜ਼ਾਰੀ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਕਾਂਗਰਸ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ 20 ਸਾਲ ਤੱਕ ਜਨਰਲ ਸਕੱਤਰ ਦੇ ਅਹੁਦੇ ‘ਤੇ ਰਹੇ, ਪਰੰਤੂ ਕਾਂਗਰਸ ਅੱਜ ਭ੍ਰਿਸ਼ਟਾਚਾਰੀਆਂ ਅਤੇ ਪਰਿਵਾਰ ਪ੍ਰਸਤਾਂ ਦੀ ਜਮਾਤ ਬਣ ਕੇ ਰਹਿ ਗਈ ਹੈ। ਅੱਜ ਦੇਸ਼ ਨੂੰ ਅਤੇ ਕਾਂਗਰਸ ਵਰਗੀਆਂ ਭ੍ਰਿਸ਼ਟ ਅਤੇ ਫਿਰਕੂ ਪਾਰਟੀਆਂ ਦੀ ਨਹੀਂ ਸਗੋਂ ਆਮ ਆਦਮੀ ਪਾਰਟੀ ਵਰਗੀ ਧਰਮ ਨਿਰਪੱਖ, ਅਗਾਂਹਵਧੂ ਅਤੇ ਲੋਕਾਂ ਨੂੰ ਸਮਰਪਿਤ ਪਾਰਟੀ ਦੀ ਜ਼ਰੂਰਤ ਹੈ।