ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ‘ਚ ਕਰਫ਼ਿਊ ਦੌਰਾਨ ਵੀ ਬੇਲਗ਼ਾਮ ਹੋਏ ਸ਼ਰਾਬ ਮਾਫ਼ੀਆ ਅਤੇ ਕੇਬਲ ਮਾਫ਼ੀਆ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਰਫ਼ਿਊ ਦੌਰਾਨ ਸ਼ਰਾਬ ਅਤੇ ਕੇਬਲ ਮਾਫ਼ੀਆ ਨੇ ਆਪਣੇ-ਆਪਣੇ ਤਰੀਕੇ ਨਾਲ ਅੱਤ ਚੁੱਕ ਰੱਖੀ ਹੈ, ਪਰੰਤੂ ਕਾਂਗਰਸ ਸਰਕਾਰ ਸੁੱਤੀ ਪਈ ਹੈ। ਜਿਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਸਰਕਾਰ ਕੋਰੋਨਾਵਾਇਰਸ ਕਾਰਨ ਮਾਨਵਤਾ ‘ਤੇ ਪਈ ਬਿਪਤਾ ਦੌਰਾਨ ਵੀ ਮਾਫ਼ੀਆ ਦਾ ਸਾਥ ਨਹੀਂ ਛੱਡ ਰਹੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਕਰਫ਼ਿਊ ਦੀ ਸਥਿਤੀ ‘ਚ ਸ਼ਰਾਬ ਦੀ ਵਿੱਕਰੀ ਜਾਂ ਨਾ ਵਿੱਕਰੀ ਬਾਰੇ ਕੋਈ ਵੀ ਸਪਸ਼ਟ ਨੀਤੀ ਜਾਂ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ। ਸ਼ਰਾਬ ਦੇ ਠੇਕੇ ਸੀਲ ਨਹੀਂ ਕੀਤੇ ਗਏ ਅਤੇ ਨਾ ਹੀ ਵਿੱਕਰੀ ਬਾਰੇ ਸਮਾਂ ਸੀਮਾ ਤੈਅ ਕੀਤੀ ਗਈ ਹੈ। ਜਿਸ ਕਾਰਨ ਸਾਹਮਣੇ ਤੋਂ ਬੰਦ ਪਏ ਠੇਕਿਆਂ ਦੀਆਂ ਚੋਰ-ਮੋਰੀਆਂ ਰਾਹੀਂ ਸ਼ਰਾਬ ਦੀ ਸਪਲਾਈ ਜਾਰੀ ਹੈ। ਇਸੇ ਤਰਾਂ ਸ਼ਰਾਬ ਮਾਫ਼ੀਆ ਦੇ ਵੱਡੇ ਅਤੇ ਪ੍ਰਭਾਵਸ਼ਾਲੀ ਖਿਡਾਰੀਆਂ (ਜਿੰਨਾ ‘ਚ ਸੱਤਾਧਾਰੀ ਧਿਰ ਦੇ ਵੱਡੇ ਆਗੂ ਸ਼ਾਮਲ ਹਨ) ਵੱਲੋਂ 2 ਨੰਬਰ ‘ਚ ਸ਼ਰਾਬ ਦੀ ਨਜਾਇਜ਼ ਵਿੱਕਰੀ ਧੜੱਲੇ ਨਾਲ ਕਰਵਾਈ ਜਾ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਸ਼ਰਾਬ ਫ਼ੈਕਟਰੀਆਂ ‘ਚੋਂ ਸਿੱਧੇ ਅਤੇ ਦੂਜੇ ਰਾਜਾਂ ਦੀ ਸ਼ਰਾਬ ਦੀ ਨਜਾਇਜ਼ ਵਿੱਕਰੀ ਨਾਲ ਜਿੱਥੇ ਲੋਕਾਂ ਨੂੰ ਦੁੱਗਣੇ-ਚੌਗੁਣੇ ਮੁੱਲ ਨਾਲ ਲੁੱਟਿਆ ਜਾ ਰਿਹਾ ਹੈ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਰੋਜ਼ਾਨਾ ਕਰੋੜਾਂ ਰੁਪਏ ਦੀ ਚਪਤ ਲੱਗ ਰਹੀ ਹੈ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੇਬਲ ਮਾਫ਼ੀਆ ‘ਤੇ ਲਗਾਮ ਕੱਸਣ ਦੀ ਮੰਗ ਕਰਦਿਆਂ ਦੱਸਿਆ ਕਿ ਜਦ ਸਰਕਾਰਾਂ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਹਰ ਤਰਾਂ ਦੀ ਮਹੀਨਾਵਾਰ ਉਗਰਾਹੀ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਹੋਈ ਹੈ ਤਾਂ ਸੂਬੇ ਦੀ ਇੱਕੋ-ਇੱਕ ਕੇਬਲ ਕੰਪਨੀ ਪਿੰਡਾਂ ਅਤੇ ਸ਼ਹਿਰ-ਮੁਹੱਲਾ ਪੱਧਰ ਦੇ ਸਥਾਨਕ ਅਪਰੇਟਰਾਂ ਦੇ ਗਲ ‘ਚ ਅੰਗੂਠਾ ਦੇ ਕੇ ਉਗਰਾਹੀ ਕਿਵੇਂ ਕਰ ਸਕਦੀ ਹੈ। ਮਾਣੂੰਕੇ ਨੇ ਕਿਹਾ ਕਿ ਇਸ ਸਮੇਂ ਘਰ ਬੈਠੇ ਲੋਕਾਂ ਲਈ ਟੀਵੀ ਦੀ ਸੂਚਨਾ ਪ੍ਰਦਾਨ ਕਰਦਾ ਹੈ, ਉੱਥੇ ਮਨੋਰੰਜਨ ਦਾ ਵੀ ਇੱਕ ਪ੍ਰਮੁੱਖ ਸਾਧਨ ਹੈ। ਇਸ ਲਈ ਸਰਕਾਰ ਕੇਬਲ ਕੰਪਨੀ ਨੂੰ ਉਗਰਾਹੀ ਕਰਨ ਤੋਂ ਸਖ਼ਤੀ ਨਾਲ ਰੋਕੇ।